ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਜੁਲਾਈ
ਸੰਗਰੂਰ ਪੁਲੀਸ ਨੇ ਲੁੱਟ-ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਮੋਬਾਈਲ ਬਰਾਮਦ ਹੋਏ ਹਨ। ਮੀਡੀਆ ਨੂੰ ਸੰਬੋਧਨ ਕਰਦਿਆਂ ਕਪਤਾਨ ਪੁਲੀਸ ਪਲਵਿੰਦਰ ਸਿੰਘ ਚੀਮਾ ਅਤੇ ਉਪ ਕਪਤਾਨ ਪੁਲੀਸ ਮਨੋਜ ਗੋਰਸੀ ਨੇ ਦੱਸਿਆ ਕਿ ਬੀਤੀ 16 ਜੁਲਾਈ ਨੂੰ ਅਮਨਦੀਪ ਕੌਰ ਉਰਫ਼ ਅਮਨ ਵਾਸੀ ਪ੍ਰੀਤ ਨਗਰ (ਸੰਗਰੂਰ) ਆਪਣੀ ਸਕੂਟਰੀ ’ਤੇ ਜਾ ਰਹੀ ਸੀ ਤਾਂ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਔਰਤ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ। ਇਸ ਤੋਂ ਇਲਾਵਾ 3 ਜੁਲਾਈ ਨੂੰ ਜਗਜੀਤ ਕੌਰ ਵਾਸੀ ਸੁਨਾਮੀ ਗੇਟ ਹਾਲ ਆਬਾਦ ਦਸਮੇਸ਼ ਨਗਰ ਪਟਿਆਲਾ ਰੋਡ ਸੰਗਰੂਰ ਆਪਣੀ ਭੈਣ ਜਸਵਿੰਦਰ ਕੌਰ ਅਤੇ ਧੀ ਹਰਮਨਦੀਪ ਕੌਰ ਨਾਲ ਸਕੂਟਰੀ ’ਤੇ ਜਾ ਰਹੀਆਂ ਸਨ ਤਾਂ ਦਸਮੇਸ਼ ਨਗਰ ਨੇੜੇ ਦੋ ਨੌਜਵਾਨ ਜਗਜੀਤ ਕੌਰ ਦੇ ਹੱਥ ਵਿਚ ਫੜਿਆ ਪਰਸ ਖੋਹ ਕੇ ਫ਼ਰਾਰ ਹੋ ਗਏ। ਇਸ ਤੋਂ ਇਲਾਵਾ ਬੀਤੀ 14 ਜੁਲਾਈ ਨੂੰ ਹਰਜੀਤ ਕੌਰ ਵਾਸੀ ਹਰੇੜੀ ਰੋਡ ਸੰਗਰੂਰ ਪਾਸੋਂ ਕਲੱਬ ਰੋਡ ’ਤੇ ਖੋਹ ਕੀਤਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੋਹ ਦੀਆਂ ਤਿੰਨੋਂ ਵਾਰਦਾਤਾਂ ਸਬੰਧੀ ਥਾਣਾ ਸਿਟੀ ਸੰਗਰੂਰ ਵਿੱਚ ਕੇਸ ਦਰਜ ਕੀਤੇ ਸਨ। ਉਨ੍ਹਾਂ ਦੱਸਿਆ ਕਿ ਐੱਸਐੱਸਪੀ ਸਰਤਾਜ ਸਿੰਘ ਚਾਹਲ ਵਲੋਂ ਕੁਲਵਿੰਦਰ ਸਿੰਘ ਇੰਚਾਰਜ ਥਾਣਾ ਸਿਟੀ ਅਤੇ ਸੰਦੀਪ ਸਿੰਘ ਇੰਚਾਰਜ ਸੀਆਈਏ ਬਹਾਦਰ ਸਿੰਘ ਵਾਲਾ ਦੀ ਨਿਗਰਾਨੀ ਹੇਠ ਟੀਮਾਂ ਬਣਾ ਕੇ ਸਤਗੁਰ ਸਿੰਘ ਉਰਫ਼ ਮੁੰਨਾ ਅਤੇ ਗੁਰਪ੍ਰੀਤ ਸਿੰਘ ਉਰਫ਼ ਗੁੱਤਾ ਵਾਸੀਆਨ ਨਮੋਲ ਰੋਡ ਉਭਾਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ ਸੋਨੇ ਦੀਆਂ ਚੇਨਾਂ, ਸੋਨੇ ਦਾ ਸਿੱਕਾ, ਚਾਂਦੀ ਦਾ ਕੜਾ, ਚਾਂਦੀ ਦੀ ਚੇਨ ਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਤੇ ਮੋਬਾਈਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਦੋ ਰੋਜ਼ਾ ਪੁਲੀਸ ਰਿਮਾਂਡ ਪ੍ਰਾਪਤ ਕਰ ਲਿਆ ਹੈ।