ਪੱਤਰ ਪ੍ਰੇਰਕ
ਪਟਿਆਲਾ, 24 ਜੁਲਾਈ
ਪੰਜਾਬ ਵਿੱਚ ਬਿਜਲੀ ਦੇ ਲੱਗ ਰਹੇ ਅਣਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਦੇ ਦਰਦ ਨੂੰ ਸਮਝਦਿਆਂ ਪੰਜਾਬ ਯੂਥ ਕਾਂਗਰਸ ਨੇ ਅੱਜ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸੂਬੇ ਭਰ ’ਚੋਂ ਪੁੱਜੇ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਪੰਜਾਬ ਦੀ ‘ਆਪ’ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਝੂਠੇ ਦਾਅਵੇ ਕਰਨ ਵਾਲਾ ਮੁੱਖ ਮੰਤਰੀ ਆਖਿਆ। ਯੂਥ ਕਾਂਗਰਸ ਨੇ ਐਲਾਨ ਕੀਤਾ ਕਿ ਜੇ ਸੂਬੇ ਵਿੱਚ ਬਿਜਲੀ ਦੇ ਕੱਟ ਲਾਉਣੇ ਬੰਦ ਨਾ ਹੋਏ ਤਾਂ ਉਹ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦਾ ਘਿਰਾਓ ਕਰਨਗੇ। ਦੂਜੇ ਪਾਸੇ ਪਾਸੇ ਅੱਜ ਦੇ ਧਰਨੇ ਕਾਰਨ ਮਾਲ ਰੋਡ ’ਤੇ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਤੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਮੋਹਿਤ ਮਹਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ 24 ਘੰਟੇ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਸਨ। ਪੰਜਾਬ ਨੇ ਕੋਲੇ ਦੀਆਂ ਖਾਨਾਂ ਖ਼ਰੀਦਣ ਅਤੇ ਨਵੇਂ ਥਰਮਲ ਪਲਾਂਟ ਲਗਾਉਣ ਦਾ ਡਰਾਮਾ ਵੀ ਅੱਖੀਂ ਦੇਖਿਆ ਹੈ, ਪਰ ਅਖੀਰ ਵਿੱਚ ਸੂਬਾ ਬਿਜਲੀ ਦੇ ਕੱਟਾਂ ਨਾਲ ਜੂਝ ਰਿਹਾ ਹੈ। ਨਾਮਵਰ ਹਸਪਤਾਲਾਂ ਵਿੱਚ ਮਰੀਜ਼ ਬਿਜਲੀ ਤੋਂ ਬਿਨਾਂ ਤੜਫ ਰਹੇ ਹਨ ਤੇ ਕਈ ਥਾਵਾਂ ’ਤੇ ਲੋਕਾਂ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਰਾਜਕਤਾ ਨੂੰ ਵਧਦਾ ਦੇਖ ਰਹੀ ਹੈ। ਉਨ੍ਹਾਂ ਇੱਥੇ ਬੋਲਦਿਆਂ ਕਿਹਾ ਕਿ ਜੇਕਰ ਬਿਜਲੀ ਕੱਟ ਲੱਗਣੇ ਬੰਦ ਨਾ ਹੋਏ ਤਾਂ ਯੂਥ ਕਾਂਗਰਸ ਪੰਜਾਬ ਦੇ ਮੰਤਰੀਆਂ, ਮੁੱਖ ਮੰਤਰੀ ਦਾ ਘਿਰਾਓ ਕਰੇਗੀ। ਉਨ੍ਹਾਂ ਕਿਹਾ ਪੰਜਾਬ ਵਿਚ ਬਿਜਲੀ ਦੇ ਕੱਟਾਂ ਕਾਰਨ ਲੋਕ ਹੁੰਮਸ ਭਰੀ ਗਰਮੀ ਵਿੱਚ ਬੇਹਾਲ ਹਨ। ਧਰਨੇ ਦੌਰਾਨ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਹੱਥਾਂ ਵਿੱਚ ਵਿਰੋਧ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇ ਲਿਖੇ ਹੋਏ ਸਨ।