ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 24 ਜੁਲਾਈ
ਮੁਕਤਸਰ ਸ਼ਹਿਰ ’ਚ ਸੀਵਰੇਜ ਦੇ ਗੰਦੇ ਪਾਣੀ ਤੋਂ ਦੁਖੀ ਲੋਕਾਂ ਵੱਲੋਂ ਧਰਨੇ-ਮੁਜ਼ਾਹਰਿਆਂ ਤੋਂ ਬਾਅਦ ਅੱਜ ਨਗਰ ਕੌਂਸਲ ਦੀ ਬੈਠਕ ਹੋਈ। ਇਸ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕੌਂਸਲ ਪ੍ਰਧਾਨ ਅਤੇ ਕੁਝ ਕੌਂਸਲਰਾਂ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਕੁਝ ਕੌਂਸਲਰਾਂ ਦੀ ਆਪਸੀ ਖਿੱਚੋਤਾਣ ਕਰਕੇ ਸ਼ਹਿਰ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਮੀਂਹਾਂ ਤੋਂ ਪਹਿਲਾਂ ਕੌਂਸਲ ਵੱਲੋਂ ਨਾ ਤਾਂ ਬੈਠਕ ਬੁਲਾਈ ਤੇ ਨਾ ਹੀ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਕੋਈ ਕੰਮ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨਗਰ ਕੌਂਸਲ ਨੂੰ ਸ਼ਹਿਰ ’ਚ ਸੀਵਰੇਜ ਨਾਲ ਸਬੰਧਤ ਕੰਮਾਂ ਲਈ ਮਤੇ ਪਾਉਣ ਲਈ ਕਿਹਾ ਕਿ ਪਰ ਕੌਂਸਲ ਨੇ ਇਹ ਮਤੇ ਨਹੀਂ ਪਾਏ। ਕੌਂਸਲ ਦੀ ਆਮਦਨ ਵਿੱਚੋਂ ਸੀਵਰੇਜ ਲਈ ਕੋਈ ਫੰਡ ਨਹੀਂ ਦਿੱਤਾ ਜਾਂਦਾ ਹਾਲਾਂਕਿ ਕੌਂਸਲ ਕੋਲ ਕਰੀਬ 23 ਕਰੋੜ ਰੁਪਏ ਦੇ ਫੰਡ ਸ਼ਹਿਰ ਦੇ ਵਿਕਾਸ ਲਈ ਹਨ ਪਰ ਇਸਦੇ ਬਾਵਜੂਦ ਸ਼ਹਿਰ ਦੇ ਕੰਮ ਨਹੀਂ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਮੁਕਤਸਰ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ਮ੍ਹੀ ਤੇਹਰੀਆ ਦੀ ਪ੍ਰਧਾਨਗੀ ਹੇਠ ਰੱਖੀ ਬੈਠਕ ’ਚ ਉਸ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਹਾਜ਼ਰ 31 ਮੈਂਬਰਾਂ ’ਚੋਂ ਚਾਰ ਕੁ ਮੈਂਬਰਾਂ ਤੋਂ ਬਗੈਰ ਬਾਕੀ ਕੌਂਸਲਰਾਂ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਕਿ ਕੌਂਸਲ ਦੀ ਬੈਠਕ ’ਚ ਮਤੇ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਮਤੇ ਕੌਂਸਲਰਾਂ ਦੀ ਸਹਿਮਤੀ ਨਾਲ ਨਹੀਂ ਪਾਏ ਜਾਂਦੇ।