ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 24 ਜੁਲਾਈ
ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਰੱਖਦੇ ਕਾਹਨੂੰਵਾਨ ਛੰਭ ਵਿੱਚ ਸੁੱਟੇ ਕੂੜੇ ਨੂੰ ਸੋਧ ਕੇ ਜਗ੍ਹਾ ਦੀ ਪਵਿੱਤਰਤਾ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਨੇ ਧਰਨੇ ਦੌਰਾਨ ਜਥੇਦਾਰ ਅਕਾਲ ਤਖ਼ਤ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਸੁਖਵੰਤ ਸਿੰਘ ਸਠਿਆਲੀ ਨੇ ਦੱਸਿਆ ਕਿ ਉਨ੍ਹਾਂ ਦੇ ਚੱਲ ਰਹੇ ਸੰਘਰਸ਼ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਭਾਰੀ ਸਮਰਥਨ ਮਿਲਣ ਨਾਲ ਹੋਰ ਮਜ਼ਬੂਤੀ ਮਿਲੀ ਹੈ। ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਡੇਰਾ ਬਾਬਾ ਨਾਨਕ ਇਲਾਕੇ ਤੋਂ ਕਿਸਾਨਾਂ ਦਾ ਕ ਵਫ਼ਦ ਧਰਨੇ ਵਿੱਚ ਸ਼ਾਮਲ ਹੋਇਆ ਅਤੇ ਉਨ੍ਹਾਂ ਨੇ ਵੀ ਮਦਦ ਕਰਨ ਦਾ ਐਲਾਨ ਕੀਤਾ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰੰਧਾਵਾ, ਜੋਗਿੰਦਰ ਸਿੰਘ ਖੰਨਾ ਚਮਾਰਾਂ ਅਤੇ ਮਾਸਟਰ ਸੁੱਚਾ ਸਿੰਘ ਰਾਮ ਦਿਵਾਲੀ ਨੇ ਕਿਹਾ ਕਿ ਛੰਭ ਦੇ ਬਚੇ ਹੋਏ ਰਕਬੇ ਨੂੰ ਗੁਰਦਾਸਪੁਰ ਨਗਰ ਕੌਂਸਲ ਵੱਲੋਂ ਸ਼ਹਿਰ ਅਤੇ ਹਸਪਤਾਲਾਂ ਦਾ ਜ਼ਹਿਰੀਲਾ ਕੂੜਾ ਕਰਕਟ ਸੁੱਟੇ ਕੇ ਪਲੀਤ ਕੀਤਾ ਜਾ ਚੁੱਕਿਆ ਹੈ।
ਹੁਣ ‘ਘੱਲੂਘਾਰਾ ਕਾਹਨੂੰਵਾਨ ਛੰਭ ਬਚਾਓ ਮੰਚ’ ਨੇ ਫ਼ੈਸਲਾ ਕੀਤਾ ਹੈ ਕਿ 29 ਜੁਲਾਈ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਸ ਮਾਮਲੇ ਤੋਂ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਤੋਂ ਮੰਗ ਕੀਤੀ ਜਾਵੇਗੀ ਕਿ ਇਸ ਸਥਾਨ ਦੀ ਪਵਿੱਤਰਤਾ ਨੂੰ ਮੁੜ ਬਹਾਲ ਕਰਨ ਲਈ ਕਾਨੂੰਨ ਅਤੇ ਨੈਤਿਕਤਾ ਨੂੰ ਛੱਡ ਇੱਥੇ ਸੁੱਟੇ ਕੂੜੇ ਨੂੰ ਸੋਧਣ ਦਾ ਕੰਮ ਜ਼ਿਲ੍ਹਾ ਪ੍ਰਾਸ਼ਾਸ਼ਨ ਤੋਂ ਕਰਵਾਉਣ ਲਈ ਹਦਾਇਤਾਂ ਕੀਤੀਆਂ ਜਾਣ।