ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 24 ਜੁਲਾਈ
ਆਰੀਆ ਕੰਨਿਆ ਕਾਲਜ ਦੀ ਐੱਨਐੱਸਐੱਸ ਇਕਾਈ ਵੱਲੋਂ ਡਾ. ਪੂਨਮ ਸਿਵਾਚ ਤੇ ਡਾ. ਹੇਮਾ ਮੁਖੀਜਾ ਦੀ ਅਗਵਾਈ ਹੇਠ ਗੋਦ ਲਏ ਪਿੰਡ ਰਤਨਗੜ੍ਹ ਵਿੱਚ ਵਾਤਾਵਰਨ ਸੰਭਾਲ ਤੇ ਹਰਿਆਲੀ ਨੂੰ ਪ੍ਰਫੁੱਲਿਤ ਕਰਨ ਲਈ ਆਂਵਲਾ, ਸੁਹਾਂਜਨਾ, ਅਮਰੂਦ, ਸਿਲਵਰ ਰਾਕ, ਨਿੰਮ, ਜਾਮਣ ਆਦਿ ਦੇ ਪੌਦੇ ਲਾਏ ਗਏ। ਇਹ ਪੌਦੇ ਨਾ ਸਿਰਫ ਵਾਤਾਵਰਨ ਦਾ ਸੰਤੁਲਨ ਬਣਾਉਣ ਵਿੱਚ ਸਹਾਈ ਹੋਣਗੇ ਬਲਕਿ ਸਥਾਨਕ ਲੋਕਾਂ ਨੂੰ ਫਲ ਵੀ ਪ੍ਰਦਾਨ ਕਰਨਗੇ। ਇਸ ਮੁਹਿੰਮ ਦੀ ਸ਼ੁਰੂਆਤ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਵਿਦਿਆਰਥੀਆਂ ਨੂੰ ਪੌਦਿਆਂ ਨਾਲ ਰਵਾਨਾ ਕਰ ਕੇ ਕੀਤੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰੁੱਖਾਂ ਤੋਂ ਬਿਨਾਂ ਧਰਤੀ ’ਤੇ ਜੀਵਨ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਰੁੱਖਾਂ ਦੇ ਮਹੱਤਵ ਨੂੰ ਨਕਾਰਿਆ ਜਾ ਰਿਹਾ ਹੈ ਤੇ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਹੋਣ ਕਰ ਕੇ ਅੱਜ ਮਨੁੱਖ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਰੁੱਖਾਂ ਦੀ ਘਾਟ ਕਾਰਨ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਧਰਤੀ ’ਤੇ ਵੱਧ ਤੋਂ ਵੱਧ ਬੂਟੇ ਲਾਏ ਜਾਣ। ਉਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਜਨਮ ਦਿਨ ’ਤੇ ਹੋਰ ਖੁਸ਼ੀਆਂ ਦੇ ਮੌਕਿਆਂ ’ਤੇ ਪੌਦੇ ਲਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜੁਲਾਈ ਦਾ ਮਹੀਨਾ ਛੋਟੇ-ਛੋਟੇ ਪੌਦਿਆਂ ਦੇ ਵਧਣ ਫੁੱਲਣ ਦਾ ਮਹੀਨਾ ਹੈ, ਇਸ ਲਈ ਘਰਾਂ ਵਿੱਚ ਵੀ ਪੌਦੇ ਲਾਏ ਜਾ ਸਕਦੇ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਪੌਦੇ ਲਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਵੀ ਉਤਸ਼ਾਹਿਤ ਕੀਤਾ। ਪਿੰਡ ਰਤਨਗੜ੍ਹ ਵਿੱਚ ਲਾਏ ਪੌਦਿਆਂ ਲਈ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਵੀ ਸਹਿਯੋਗ ਕੀਤਾ। ਪਿੰਡ ਵਾਸੀਆਂ ਨੇ ਵੀ ਉਨ੍ਹਾਂ ਨਾਲ ਮਿਲ ਕੇ ਪੌਦੇ ਲਾਏ।