ਹਤਿੰਦਰ ਮਹਿਤਾ
ਜਲੰਧਰ, 24 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਪੁੱਜੇ ਅਤੇ ਕੀਤੇ ਵਾਅਦੇ ਅਨੁਸਾਰ ਉਹ ਦੋ ਦਿਨ ਇੱਥੋਂ ਹੀ ਕੰਮ ਕਰਨਗੇ। ਮਾਨ ਨੇ ਜ਼ਿਮਨੀ ਚੋਣ ਤੋਂ ਪਹਿਲਾਂ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਜਲੰਧਰ ਵਿੱਚ ਦਫ਼ਤਰ ਖੋਲ੍ਹ ਕੇ ਚੋਣਾਂ ਤੋਂ ਬਾਅਦ ਵੀ ਇੱਥੋਂ ਕੰਮ ਕਰਨ ਦਾ ਵਾਅਦਾ ਕੀਤਾ ਸੀ। ਇਸ ਲਈ ਆਪਣਾ ਵਾਅਦਾ ਪੂਰਾ ਕਰਦਿਆਂ ਮਾਨ ਹਫ਼ਤੇ ਵਿੱਚ ਦੋ ਦਿਨ ਜਲੰਧਰ ਤੋਂ ਹੀ ਸਰਕਾਰ ਚਲਾਉਣਗੇ।
ਅੱਜ ਪਹਿਲੇ ਦਿਨ ਮੁੱਖ ਮੰਤਰੀ ਨੇ ਜਲੰਧਰ ਵਿੱਚ ‘ਆਪ’ ਵਾਲੰਟੀਅਰਾਂ ਤੇ ਵਰਕਰਾਂ ਨਾਲ ਖਾਣਾ ਖਾਧਾ ਅਤੇ ਉਨ੍ਹਾਂ ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ’ਚ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੇਲ੍ਹ ਵਿੱਚ ਆਪਣੇ ਵਾਲੰਟੀਅਰਾਂ ਦੀ ਇਸ ਕਾਮਯਾਬੀ ਦਾ ਜਸ਼ਨ ਮਨਾਇਆ।
ਉਨ੍ਹਾਂ ਸ਼ੀਤਲ ਅੰਗੁਰਾਲ ’ਤੇ ਤਨਜ਼ ਕੱਸਦਿਆਂ ਕਿਹਾ ਕਿ ਸਬਰ ਰੱਖਣਾ ਬਹੁਤ ਜ਼ਰੂਰੀ ਹੈ। ਜੋ ਲੋਕ ਲਾਲਚੀ ਹੋ ਜਾਂਦੇ ਹਨ, ਪਰਮਾਤਮਾ ਉਨ੍ਹਾਂ ਦੀ ਸਹਾਇਤਾ ਨਹੀਂ ਕਰਦਾ ਸਗੋਂ ਉਨ੍ਹਾਂ ਦੀ ਥਾਂ ਕਿਸੇ ‘ਭਗਤ’ ਨੂੰ ਦੇ ਦਿੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਾਲੰਟੀਅਰਾਂ ਨੂੰ ਇਕਜੁੱਟ ਰਹਿਣ ਅਤੇ ‘ਰੰਗਲਾ ਪੰਜਾਬ’ ਲਈ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਅੰਦਰੂਨੀ ਝਗੜੇ ਸਿਆਸੀ ਪਾਰਟੀਆਂ ਖ਼ਤਮ ਕਰ ਦਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਇਸ ਦੀ ਮਿਸਾਲ ਹੈ। ਉਨ੍ਹਾਂ ਵਾਲੰਟੀਅਰਾਂ ਨੂੰ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਅਤੇ ਲੋਕਲ ਬਾਡੀਜ਼ ਦੀਆਂ ਚੋਣਾਂ ਲਈ ਤਿਆਰ ਰਹਿਣ ਲਈ ਵੀ ਪ੍ਰੇਰਿਤ ਕੀਤਾ।