ਗੁਰਬਖ਼ਸ਼ਪੁਰੀ
ਤਰਨ ਤਾਰਨ, 25 ਜੁਲਾਈ
ਪਾਵਰਕੌਮ (ਪੰਜਾਬ ਰਾਜ ਬਿਜਲੀ ਬੋਰਡ) ਵੱਲੋਂ ਇਥੇ 45 ਸਾਲ ਦੇ ਕਰੀਬ ਪਹਿਲਾਂ ਬਣਾਈ ਰਿਹਾਇਸ਼ੀ ਕਲੋਨੀ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ| ਸ਼ਹਿਰ ਦੇ ਐਨ ਵਿਚਕਾਰ ਜਿਹੇ ਖੁੱਲ੍ਹੇ-ਡੁੱਲੇ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਵਿੱਚ ਬਣਾਈ ਕਲੋਨੀ ਵਿੱਚ ਵਿੱਚ ਸੀਨੀਅਰ ਅਧਿਕਾਰੀਆਂ (ਐਕਸੀਐਨ) ਦੀ ਰਿਹਾਇਸ਼ ਲਈ ਚਾਰ ਬੰਗਲਿਆਂ ਤੋਂ ਇਲਾਵਾਂ ਦਰਜਾ ਚਾਰ ਤੋਂ ਲੈ ਕੇ ਐੱਸਡੀਓ ਪੱਧਰ ਤੱਕ ਦੇ ਅਧਿਕਾਰੀਆਂ-ਕਰਮਚਾਰੀਆਂ ਲਈ ਦੋ-ਮੰਜ਼ਿਲਾ ਇਮਾਰਤ ਵਿੱਚ 46 ਰਿਹਾਇਸ਼ੀ ਕੁਆਰਟਰ ਬਣਾਏ ਗਏ ਸਨ| ਇੱਕ ਵੇਲੇ ਕਲੋਨੀ ਵਿੱਚ ਰਿਹਾਇਸ਼ ਕਰਨ ਲਈ ਕੁਆਰਟਰ ਲੈਣ ਲਈ ਅਦਾਰੇ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਮੰਤਰੀਆਂ ਤੱਕ ਦੀਆਂ ਸਿਫਾਰਿਸ਼ਾਂ ਕਾਰਵਾਈਆਂ ਜਾਂਦੀਆਂ ਸਨ| ਅਦਾਰੇ ਵਿੱਚ ਬੀਤੇ 15 ਸਾਲਾਂ ਤੋਂ ਮੁਲਾਜ਼ਮਾਂ ਦੀਆਂ ਅਸਾਮੀਆਂ ਘਟਦੀਆਂ ਜਾਣ ਕਰਕੇ ਜਾਂ ਫਿਰ ਕਿਸੇ ਇਕ ਜਾਂ ਦੂਸਰੇ ਕਾਰਨ ਕਰਕੇ ਇਥੇ ਕੁਆਰਟਰ ਲੈਣ ਦਾ ਰੁਝਾਨ ਮੱਠਾ ਪੈਣ ਕਰਕੇ ਇਸ ਕਲੋਨੀ ਦੀ ਹਾਲਤ ਖਸਤਾ ਬਣ ਗਈ ਹੈ| ਇਥੇ ਉੱਚ ਅਧਿਕਾਰੀਆਂ ਦੇ ਚਾਰ ਬੰਗਲਿਆਂ ਵਿੱਚੋਂ ਇਕ ’ਤੇ ਤਾਂ ਜ਼ਿਲ੍ਹਾ ਪੁਲੀਸ ਨੇ ਬੀਤੇ 35 ਸਾਲਾਂ ਤੋਂ ਪੱਕਾ ਕਬਜ਼ਾ ਕਰ ਰੱਖਿਆ ਹੈ। ਇੱਕ ਬੰਗਲੇ ਤੋਂ ਅਦਾਰੇ ਦੇ ਕਾਰਜਕਾਰੀ ਅਧਿਕਾਰੀ (ਮੰਡਲ) ਦਾ ਦਫਤਰ ਚੱਲ ਰਿਹਾ ਹੈ ਅਤੇ ਦੋ ਖਾਲੀ ਹਨ| ਇਸ ਦੇ ਨਾਲ ਬਾਕੀ ਦੇ 46 ਕੁਆਰਟਰਾਂ ਵਿੱਚੋਂ ਪੰਜ ਵਿੱਚ ਅਦਾਰੇ ਦੇ ਕਰਮਚਾਰੀਆਂ ਨੇ ਰਿਹਾਇਸ਼ ਕੀਤੀ ਹੈ। ਤਿੰਨ ਕੁਆਰਟਰਾਂ ਤੋਂ ਅਦਾਰੇ ਦੇ ਕਰਮਚਾਰੀ ਕੰਮ ਕਰਦੇ ਹਨ, ਬਾਕੀ ਦੇ 38 ਦੀ ਹਾਲਤ ਖਸਤਾ ਬਣ ਚੁੱਕੀ ਹੈ| ਇਨ੍ਹਾਂ ਕੁਆਰਟਰਾਂ ਦੇ ਬੂਹੇ-ਬਾਰੀਆਂ ਟੁੱਟ ਚੁੱਕੇ ਹਨ, ਸਫਾਈ ਆਦਿ ਨਾ ਹੋਣ ਕਰਕੇ ਇਨ੍ਹਾਂ ਅੱਗੇ ਜਿਥੇ ਘਾਹ ਉੱਗ ਆਇਆ ਹੈ ਉਥੇ ਇਨ੍ਹਾਂ ਅੰਦਰ ਸੱਪ ਆਦਿ ਜਾਨਵਰ ਛਿਪੇ ਬੈਠੇ ਹਨ| ਇਸ ਕਲੋਨੀ ਲਈ ਬਣਾਈ ਪਾਣੀ ਦੀ ਟੈਂਕੀ ਲੰਬੇ ਸਮੇਂ ਤੋਂ ਬੰਦ ਚਲ ਰਹੀ ਹੈ| ਅਦਾਰੇ ਦੀ ਅਰਬਾਂ-ਖਰਬਾਂ ਰੁਪਏ ਦੀ ਕੀਮਤ ਦੀ ਇਹ ਜਾਇਦਾਦ ਅੱਜ ਖਸਤਾ ਹਾਲ ਵਿੱਚ ਹੈ।
ਬਿਜਲੀ ਘਰ ਦੀ ਸਮਰੱਥਾ ਵਧਾਉਣ ਲਈ ਕਲੋਨੀ ਢਾਹੀ ਜਾਵੇਗੀ: ਅਧਿਕਾਰੀ
ਅਦਾਰੇ ਦੇ ਇਕ ਅਧਿਕਾਰੀ ਪ੍ਰਵੇਸ਼ ਆਲਮ ਸਹਾਇਕ ਇੰਜੀਨੀਅਰ (ਏਈ) ਨੇ ਦੱਸਿਆ ਕਿ ਸੂਬੇ ਅੰਦਰ ਬਿਜਲੀ ਦੀ ਖਪਤ ਵਧਣ ਕਰਕੇ ਤਰਨ ਤਾਰਨ ਦੇ 120 ਕੇਵੀ ਬਿਜਲੀ ਘਰ ਦੀ ਵੀ ਸਮਰਥਾ ਵਧਾ ਕੇ 400 ਕੇਵੀ ਕੀਤੀ ਜਾਣੀ ਹੈ, ਜਿਸ ਲਈ ਇਸ ਕਲੋਨੀ ਨੂੰ ਢਾਹ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਇਹ ਕੁਆਰਟਰ ਕਿਰਾਏ ’ਤੇ ਨਹੀਂ ਦਿੱਤੇ ਜਾ ਰਹੇ।