ਜਲੰਧਰ: ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਦੇਸ਼ ਦੇ 310 ਜ਼ਿਲ੍ਹਿਆਂ ਵਿੱਚ ਜਲਵਾਯੂ ਤਬਦੀਲੀ ਕਾਰਨ ਖੇਤੀ ਦੇ ਹੋ ਰਹੇ ਨੁਕਸਾਨ ਨੂੰ ਬਚਾਉਣ ਦੇ ਕੀ ਉਪਰਾਲੇ ਕੀਤੇ ਗਏ ਹਨ? ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਦੇ ਖੇਤੀ ’ਤੇ ਪੈ ਰਹੇ ਹੈ ਅਸਰ ਤੋਂ ਕੇਂਦਰ ਸਰਕਾਰ ਬੇਖ਼ਬਰ ਲੱਗ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਮੇਤ ਦੇਸ਼ ਦੇ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਂਹ ਫੜੀ ਜਾਵੇ ਤੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਚੜ੍ਹੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਬਾਰੇ ਬਣੀ ਲੋਕ ਸਭਾ ਦੀ ਸਥਾਈ ਕਮੇਟੀ ਨੇ ਪੇਸ਼ ਕੀਤੀ ਰਿਪੋਰਟ ਵਿੱਚ ਕਿਹਾ ਸੀ ਕਿ 310 ਜ਼ਿਲ੍ਹੇ ਜਲਵਾਯੂ ਤਬਦੀਲੀ ਦੀ ਮਾਰ ਹੇਠਾਂ ਆਏ ਹਨ। ਇਨ੍ਹਾਂ ਵਿੱਚ ਪੰਜਾਬ ਦੇ 9 ਜ਼ਿਲ੍ਹੇ, ਹਿਮਾਚਲ ਦੇ 8 ਤੇ ਹਰਿਆਣਾ ਦੇ 11 ਜ਼ਿਲ੍ਹੇ ਸ਼ਾਮਲ ਹਨ। -ਪੱਤਰ ਪ੍ਰੇਰਕ