ਨਵੀਂ ਦਿੱਲੀ, 25 ਜੁਲਾਈ
ਰਾਸ਼ਟਰਪਤੀ ਭਵਨ ਵਿਚਲੇ ‘ਦਰਬਾਰ ਹਾਲ’ ਤੇ ‘ਅਸ਼ੋਕ ਹਾਲ’ ਦਾ ਨਾਂ ਬਦਲ ਕੇ ਕ੍ਰਮਵਾਰ ‘ਗਣਤੰਤਰ ਮੰਡਪ’ ਤੇ ‘ਅਸ਼ੋਕ ਮੰਡਪ’ ਰੱਖ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਹਾਲਾਂ ਵਿਚ ਕਈ ਰਸਮੀ ਸਮਾਗਮ ਹੁੰਦੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਰਾਸ਼ਟਰਪਤੀ ਭਵਨ ਦੇ ਅਹਾਤੇ ਵਿਚਲੇ ਮਕਬੂਲ ਮੁਗਲ ਗਾਰਡਨਜ਼ ਦਾ ਨਾਂ ਬਦਲ ਕੇ ‘ਅੰਮ੍ਰਿਤ ਉਦਯਾਨ’ ਰੱਖਿਆ ਗਿਆ ਸੀ।
ਰਾਸ਼ਟਰਪਤੀ ਸਕੱਤਰੇਤ ਨੇ ਇਕ ਬਿਆਨ ਵਿਚ ਕਿਹਾ, ‘‘ਰਾਸ਼ਟਰਪਤੀ ਭਵਨ, ਜੋ ਭਾਰਤ ਦੇ ਰਾਸ਼ਟਰਪਤੀ ਦਾ ਦਫ਼ਤਰ ਤੇ ਰਿਹਾਇਸ਼ ਹੈ, ਦੇਸ਼ ਦਾ ਪ੍ਰਤੀਕ ਤੇ ਲੋਕਾਂ ਦੀ ਅਣਮੁੱਲੀ ਵਿਰਾਸਤ ਹੈ। ਲੋਕਾਂ ਦੀ ਇਥੋਂ ਤੱਕ ਵੱਧ ਤੋਂ ਵੱਧ ਰਸਾਈ ਯਕੀਨੀ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰਾਸ਼ਟਰਪਤੀ ਭਵਨ ਦੇ ਮਾਹੌਲ ਨੂੰ ਭਾਰਤੀ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਪ੍ਰਤੀਬਿੰਬ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।’’ ਬਿਆਨ ਵਿਚ ਕਿਹਾ ਗਿਆ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਰਾਸ਼ਟਰਪਤੀ ਭਵਨ ਵਿਚਲੇੇ ਦੋ ਮਹੱਤਵਪੂਰਨ ਹਾਲਾਂ- ‘ਦਰਬਾਰ ਹਾਲ’ ਤੇ ‘ਅਸ਼ੋਕ ਹਾਲ’ ਦਾ ਨਾਂ ਬਦਲ ਕੇ ਕ੍ਰਮਵਾਰ ‘ਗਣਤੰਤਰ ਮੰਡਪ’ ਤੇ ‘ਅਸ਼ੋਕ ਮੰਡਪ’ ਰੱਖਣ ਤੋਂ ਖ਼ੁਸ਼ ਹਨ।’’ ‘ਦਰਬਾਰ ਹਾਲ’ ਰਾਸ਼ਟਰਪਤੀ ਭਵਨ ਦੇ ਕੇਂਦਰੀ ਗੁੰਬਦ ਦੇ ਬਿਲਕੁਲ ਹੇਠਾਂ ਹੈ, ਜਿੱਥੇ ਕੌਮੀ ਪੁਰਸਕਾਰ ਦੇਣ ਸਣੇ ਹੋਰ ਕਈ ਅਹਿਮ ਰਸਮੀ ਪ੍ਰੋਗਰਾਮ ਹੁੰਦੇ ਹਨ। ‘ਅਸ਼ੋਕ ਹਾਲ’ ਅਸਲ ਵਿਚ ਇਕ ਬਾਲਰੂਮ (ਭਾਵ ਵੱਡੀਆਂ ਇਕੱਤਰਤਾਵਾਂ ਦਾ ਸਥਾਨ) ਸੀ, ਜਿੱਥੇ ਵਿਦੇਸ਼ੀ ਮਹਿਮਾਨਾਂ ਤੇ ਭਾਰਤੀ ਪ੍ਰਤੀਨਿਧੀ ਮੰਡਲ ਨਾਲ ਰਸਮੀ ਜਾਣ-ਪਛਾਣ ਕੀਤੀ ਜਾਂਦੀ ਹੈ। –ਪੀਟੀਆਈ
‘ਸ਼ਹਿਨਸ਼ਾਹ ਦੀ ਧਾਰਨਾ’
ਨਵੀਂ ਦਿੱਲੀ:
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਰਾਸ਼ਟਰਪਤੀ ਭਵਨ ਦੇ ਦੋ ਹਾਲਾਂ (ਦਰਬਾਰ ਹਾਲ ਤੇ ਅਸ਼ੋਕ ਹਾਲ) ਦੇ ਨਾਵਾਂ ਦੀ ਬਦਲੀ ਦੇ ਹਵਾਲੇ ਨਾਲ ਮੋਦੀ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਉਨ੍ਹਾਂ ਲਈ ‘ਦਰਬਾਰ ਦੀ ਕੋਈ ਧਾਰਨਾਂ ਨਹੀਂ’ ਬਲਕਿ ‘ਸ਼ਹਿਨਸ਼ਾਹ ਦੀ ਧਾਰਨਾ’ ਹੈ। ਸੰਸਦ ਭਵਨ ਵਿਚੋਂ ਆਪਣੇ ਭਰਾ ਰਾਹੁਲ ਗਾਂਧੀ ਨਾਲ ਬਾਹਰ ਆਉਂਦਿਆਂ ਪ੍ਰਿਯੰਕਾ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ, ‘‘ਉਨ੍ਹਾਂ ਲਈ ਦਰਬਾਰ ਦੀ ਕੋਈ ਧਾਰਨਾ ਨਹੀਂ, ਪਰ ਸ਼ਹਿਨਸ਼ਾਹ ਦੀ ਹੈ… ਬਹੁਤ ਦਿਲਚਸਪ।’’ -ਪੀਟੀਆਈ