* ਸਰਕਾਰ ਨੇ ਰਿਫ਼ਾਈਨਰੀ ਪ੍ਰਬੰਧਕਾਂ ਦੀ 29 ਨੂੰ ਸੱਦੀ ਮੀਟਿੰਗ
ਚਰਨਜੀਤ ਭੁੱਲਰ
ਚੰਡੀਗੜ੍ਹ, 25 ਜੁਲਾਈ
ਬਠਿੰਡਾ ਦੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਦੇ ‘ਗੁੰਡਾ ਟੈਕਸ’ ਦਾ ਮਾਮਲਾ ਹੁਣ ਮੁੱਖ ਮੰਤਰੀ ਦੇ ਦਰਬਾਰ ’ਚ ਪੁੱਜ ਗਿਆ ਹੈ। ਪਹਿਲੀ ਜੁਲਾਈ ਤੋਂ ਰਿਫ਼ਾਈਨਰੀ ਦੇ ਗੁੰਡਾ ਟੈਕਸ ਦਾ ਰੌਲਾ ਪੈ ਰਿਹਾ ਹੈ ਪ੍ਰੰਤੂ ਸਿਆਸੀ ਤੁਅੱਲਕ ਰੱਖਣ ਵਾਲੇ ਲੋਕਾਂ ਨੇ ਨੌਬਤ ਗੁੰਡਾਗਰਦੀ ਤੱਕ ਲਿਆ ਕੇ ਖੜ੍ਹੀ ਕਰ ਦਿੱਤੀ। ਬੀਤੇ ਦਿਨੀਂ ਇੱਕ ਡਰਾਈਵਰ ਨੂੰ ਸੱਟਾਂ ਵੀ ਲੱਗੀਆਂ ਸਨ। ਹਾਲਾਂਕਿ ਮੁੱਖ ਮੰਤਰੀ ਦਫ਼ਤਰ ਨੇ ਬਠਿੰਡਾ ਪ੍ਰਸ਼ਾਸਨ ਅਤੇ ਪੁਲੀਸ ਨੂੰ ਤਾੜਨਾ ਵੀ ਕੀਤੀ ਸੀ ਜਿਸ ਦਾ ਅਸਰ ਸਿਰਫ਼ ਇੱਕ ਦਿਨ ਹੀ ਰਿਹਾ ਸੀ।
ਦੱਸਣਯੋਗ ਹੈ ਕਿ ‘ਗੁੰਡਾ ਟੈਕਸ’ ਦਾ ਮਾਮਲਾ ‘ਪੰਜਾਬੀ ਟ੍ਰਿਬਿਊਨ’ ਵੱਲੋਂ ਪ੍ਰਮੁੱਖਤਾ ਨਾਲ ਉਭਾਰਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਗੁੰਡਾ ਟੈਕਸ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਉਨ੍ਹਾਂ 29 ਜੁਲਾਈ ਨੂੰ ਇਸ ਮੁੱਦੇ ’ਤੇ ਰਿਫ਼ਾਈਨਰੀ ਪ੍ਰਬੰਧਕਾਂ ਦੀ ਇੱਕ ਮੀਟਿੰਗ ਸੱਦ ਲਈ ਹੈ। ਰਿਫ਼ਾਈਨਰੀ ਦੇ ਮੁੱਖ ਕਾਰਜਕਾਰੀ ਅਫ਼ਸਰ ਨੂੰ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਕਿਹਾ ਹੈ।
ਜਾਣਕਾਰੀ ਮੁਤਾਬਕ ਪ੍ਰਬੰਧਕਾਂ ਨੇ ਪਿਛਲੇ ਦਿਨਾਂ ਵਿਚ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁੱਖ ਮੰਤਰੀ ਦਫ਼ਤਰ ਤੋਂ ਸਮਾਂ ਵੀ ਮੰਗਿਆ ਸੀ। ਪੰਜਾਬ ਸਰਕਾਰ ਇਸ ਕਰਕੇ ਵੀ ਹੁਣ ਗੰਭੀਰ ਹੋਈ ਹੈ ਕਿ ਰਿਫ਼ਾਈਨਰੀ ਦੇ ਉਤਪਾਦਾਂ ਦੀ ਸਪਲਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਸਰਕਾਰੀ ਖ਼ਜ਼ਾਨੇ ਨੂੰ ਰਿਫ਼ਾਈਨਰੀ ਤੋਂ ਵੱਡਾ ਟੈਕਸ ਵੀ ਆਉਂਦਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਮੁੱਖ ਮੰਤਰੀ ਦੀ ਰਿਫ਼ਾਈਨਰੀ ਅਧਿਕਾਰੀਆਂ ਨਾਲ ਮੀਟਿੰਗ ਤੈਅ ਹੋਣ ਦੀ ਪੁਸ਼ਟੀ ਵੀ ਕੀਤੀ ਹੈ। ਬਠਿੰਡਾ ਪ੍ਰਸ਼ਾਸਨ ਦੀ ਇਸ ਨਾਕਾਮੀ ਨੂੰ ਲੈ ਕੇ ਆਉਂਦੇ ਦਿਨਾਂ ਵਿਚ ਕੋਈ ਵੱਡਾ ਰੱਦੋਬਦਲ ਵੀ ਹੋ ਸਕਦਾ ਹੈ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਹੈ ਕਿ ਕਿਸੇ ਵੀ ਗ਼ੈਰਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਠਿੰਡਾ ਪੁਲੀਸ ਦੀ ਭੂਮਿਕਾ ਪਹਿਲਾਂ ਹੀ ਸ਼ੱਕ ਦੇ ਘੇਰੇ ਵਿਚ ਹੈ ਅਤੇ ਪੁਲੀਸ ਨੇ ਬਠਿੰਡਾ ਰਿਫ਼ਾਈਨਰੀ ਵਿਚ ਕੰਮ ਕਰਦੇ 21 ਟਰਾਂਸਪੋਰਟ ਕੰਪਨੀਆਂ ਦੀ ਸ਼ਿਕਾਇਤ ਵੀ ਹਾਲੇ ਕਿਸੇ ਤਣ-ਪੱਤਣ ਨਹੀਂ ਲਾਈ ਹੈ।
‘ਆਪ’ ਸਰਕਾਰ ਨੂੰ ਹੁਣ ਪਤਾ ਲੱਗਾ ਹੈ ਕਿ ਇਸ ਗੋਰਖ-ਧੰਦੇ ਵਿਚ ਕਿਸ ਕਿਸ ਦੀ ਸ਼ਮੂਲੀਅਤ ਹੈ। ਉਨ੍ਹਾਂ ਪੁਲੀਸ ਅਫ਼ਸਰਾਂ ਦਾ ਪਿਛੋਕੜ ਵੀ ਫਰੋਲਿਆ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਇਸ ਗਤੀਵਿਧੀ ਨੂੰ ਸ਼ਹਿ ਦਿੱਤੀ ਜਾ ਰਹੀ ਸੀ। ਪਤਾ ਲੱਗਾ ਹੈ ਕਿ ਲੰਘੇ ਕੱਲ੍ਹ ਬਠਿੰਡਾ ਪੁਲੀਸ ਨੂੰ ਮੁੱਖ ਮੰਤਰੀ ਦਫ਼ਤਰ ’ਚੋਂ ਘੁਰਕੀ ਵੀ ਗਈ ਹੈ। ਬਠਿੰਡਾ ਪੁਲੀਸ ਨੇ ਇਸ ਘੁਰਕੀ ਮਗਰੋਂ 20 ਜੁਲਾਈ ਨੂੰ ਗੁੰਡਾ ਟੈਕਸ ਦੀ ਵਸੂਲੀ ਨੂੰ ਲੈ ਕੇ ਜ਼ਖ਼ਮੀ ਕੀਤੇ ਟਰੱਕ ਡਰਾਈਵਰ ਅਖਿਲੇਸ਼ ਯਾਦਵ ਦੇ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ।
ਰਾਮਾਂ ਪੁਲੀਸ ਨੇ ਐੱਫਆਈਆਰ ਨੰਬਰ 51 ਤਹਿਤ ਸਥਾਨਕ ਟਰਾਂਸਪੋਰਟ ਯੂਨੀਅਨ ਦੇ ਅਣਪਛਾਤੇ ਲੋਕਾਂ ’ਤੇ ਮੁਕੱਦਮਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਤਲਵੰਡੀ ਸਾਬੋ ਦੇ ਪੁਲੀਸ ਅਧਿਕਾਰੀ ਪੱਲਾ ਝਾੜ ਰਹੇ ਸਨ। ਇਹ ਵੀ ਇਲਜ਼ਾਮ ਲੱਗ ਰਹੇ ਸਨ ਕਿ ਪੁਲੀਸ ਅਫ਼ਸਰਾਂ ਨੇ ਦਬਕੇ ਮਾਰ ਕੇ ਜ਼ਖ਼ਮੀ ਡਰਾਈਵਰ ਨੂੰ ਹਸਪਤਾਲ ’ਚੋਂ ਭਜਾ ਦਿੱਤਾ ਸੀ। ਮੁੱਖ ਮੰਤਰੀ ਦਫ਼ਤਰ ਤੋਂ ਹਿਲਜੁਲ ਕਰਨ ਮਗਰੋਂ ਇਹ ਮੁਕੱਦਮਾ ਦਰਜ ਹੋਇਆ ਹੈ। ਚੇਤੇ ਰਹੇ ਕਿ ਰਿਫ਼ਾਈਨਰੀ ਦੇ ਜਨਰਲ ਮੈਨੇਜਰ (ਸੁਰੱਖਿਆ) ਨੇ ਖ਼ੁਦ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਇੱਕ ਪੱਤਰ ਲਿਖ ਕੇ ਟਰਾਂਸਪੋਰਟਰਾਂ ਲਈ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਜਿਸ ਵਿਚ ਗੁੰਡਾਗਰਦੀ ਦੀ ਘਟਨਾ ਦਾ ਵੇਰਵਾ ਵੀ ਦਿੱਤਾ ਗਿਆ ਸੀ। ਬਠਿੰਡਾ ਪੁਲੀਸ ਨੇ ਮੈਸਰਜ਼ ਪ੍ਰੇਮ ਕੁਮਾਰ ਬਾਂਸਲ ਫਰਮ ਦੇ ਮੈਨੇਜਰ ਅਭਿਸ਼ੇਕ ਕੁਮਾਰ ਵੱਲੋਂ ਦੋ ਵਾਰ ਕੀਤੀ ਸ਼ਿਕਾਇਤ ’ਤੇ ਹਾਲੇ ਕੋਈ ਕਾਰਵਾਈ ਕੀਤੀ ਨਹੀਂ ਜਾਪਦੀ ਹੈ। ਦੱਸਣਯੋਗ ਹੈ ਕਿ ਕੈਪਟਨ ਦੀ ਹਕੂਮਤ ਸਮੇਂ ਵੀ ਰਿਫ਼ਾਈਨਰੀ ’ਚ ਗੁੰਡਾ ਟੈਕਸ ਦਾ ਬੋਲਬਾਲਾ ਰਿਹਾ ਸੀ ਅਤੇ ਉਸ ਵਕਤ ਆਮ ਆਦਮੀ ਪਾਰਟੀ ਨੇ ਮੁੱਦੇ ਨੂੰ ਚੁੱਕਿਆ ਸੀ।