ਪੱਤਰ ਪ੍ਰੇਰਕ
ਗੁਰਦਾਸਪੁਰ, 25 ਜੁਲਾਈ
ਇੱਥੋਂ ਦੇ ਪਿੰਡ ਹਯਾਤ ਨਗਰ ਵਿਖੇ ਪਿਛਲੇ ਕਈ ਦਿਨਾਂ ਤੋਂ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਬੰਦ ਹੋਣ ਦੇ ਰੋਸ ਵਜੋਂ ਅੱਜ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਮਸਤੂ ਜੀ ਜ਼ੋਨ ਵੱਲੋਂ ਪ੍ਰਧਾਨ ਅਨੋਖ ਸਿੰਘ ਸੁਲਤਾਨੀ ਦੀ ਅਗਵਾਈ ਹੇਠ ਪਾਵਰਕੌਮ ਦੇ ਦਫਤਰ ਵਿਖੇ ਧਰਨਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹਨੇਰੀ ਕਾਰਨ ਕਈ ਦਿਨ ਪਹਿਲਾਂ ਖੰਭੇ ਟੁੱਟ ਗਏ ਸਨ। ਉਨ੍ਹਾਂ ਕਿਹਾ ਕਿ ਦਫ਼ਤਰ ਦੇ ਕਈ ਵਾਰ ਗੇੜੇ ਮਾਰਨ ਦੇ ਬਾਵਜੂਦ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ ਜਿਸ ਕਾਰਨ ਉਨ੍ਹਾਂ ਨੂੰ ਧਰਨਾ ਦੇਣਾ ਪੈ ਰਿਹਾ ਹੈ। ਧਰਨਾਕਾਰੀਆਂ ਦੇ ਦਬਾਅ ਹੇਠ ਉਧਰ ਬਿਜਲੀ ਵਿਭਾਗ ਵੱਲੋਂ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਭਰੋਸਾ ਦਿੱਤਾ ਕਿ ਜਲਦ ਹੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਧਰਨਾਕਾਰੀਆਂ ਨੇ ਢਿੱਲੀਆਂ ਤਾਰਾਂ, ਟੇਢੇ ਖੰਭੇ, ਘੱਟ ਵੋਲਟੇਜ ਆਦਿ ਸਾਰੀ ਮੁਸ਼ਕਲਾਂ ਦਾ ਹੱਲ ਹੋਣ ਦਾ ਭਰੋਸਾ ਮਗਰੋਂ ਧਰਨਾ ਸਮਾਪਤ ਕੀਤਾ। ਇਸ ਮੌਕੇ ਸੁਲਤਾਨੀ ਨੇ ਚਿਤਾਵਨੀ ਦਿੱਤੀ ਕਿ ਜੇ ਬਿਜਲੀ ਵਿਭਾਗ ਨੇ ਕੋਈ ਢਿੱਲ ਕੀਤੀ ਤਾਂ ਮੁੜ ਧਰਨਾ ਲਾਇਆ ਜਾਵੇਗਾ।