ਪੱਤਰ ਪ੍ਰੇਰਕ
ਪਟਿਆਲਾ, 25 ਜੁਲਾਈ
ਇੱਥੋਂ ਦੇ ਪਿੰਡ ਪੂਨੀਆ ਦੇ ਕਿਸਾਨ ਹਰਜੀਤ ਸਿੰਘ ਨੂੰ ਪੁਲੀਸ ਵੱਲੋਂ ਖਣਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਪੁਲੀਸ ਲਾਈਨ ਅੱਗੇ ਪ੍ਰਦਰਸ਼ਨ ਕੀਤਾ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨ ਵਾਲੀ ਥਾਂ ਪੁੱਜੇ ਐੱਸਪੀ ਸਿਟੀ ਸਰਫ਼ਰਾਜ਼ ਨੇ ਕਿਸਾਨਾਂ ਤੋਂ ਮਸਲੇ ਦੇ ਹੱਲ ਲਈ ਸਮਾਂ ਮੰਗਿਆ ਪਰ ਕਿਸਾਨਾਂ ਨੇ ਸਮਾਂ ਦੇਣ ਤੋਂ ਨਾਂਹ ਕਰਦਿਆਂ ਧਰਨਾ ਨਹੀਂ ਚੁੱਕਿਆ। ਕਿਸਾਨ ਆਗੂ ਅਵਤਾਰ ਸਿੰਘ ਕੌਰਜੀਵਾਲਾ ਨੇ ਕਿਹਾ ਕਿ ਹਰਜੀਤ ਸਿੰਘ ਪਿੰਡ ਪੂਨੀਆ ਨੂੰ ਪੁਲੀਸ ਨੇ ਮਾਈਨਿੰਗ ਦੇ ਝੂਠੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਖ਼ਿਲਾਫ਼ ਕੇਸ ਦਰਜ ਕਰਨ ਪਿੱਛੇ ਵੱਡੀ ਪਾਰਟੀ ਕੰਮ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਏ ਕਿ ਮਾਈਨਿੰਗ ਵਿਭਾਗ ਵੱਲੋਂ ਕਦੇ ਵੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ। 99 ਫ਼ੀਸਦੀ ਕੇਸਾਂ ਵਿਚ ਸਮਝੌਤਾ ਕਰਕੇ ਮਾਈਨਿੰਗ ਕਰਨ ਵਾਲੇ ਨੂੰ ਛੱਡ ਦਿੱਤਾ ਜਾਂਦਾ ਹੈ ਪਰ ਕਿਸਾਨ ਹਰਜੀਤ ਸਿੰਘ ਨੂੰ ਨਾਜਾਇਜ਼ ਗ੍ਰਿਫ਼ਤਾਰ ਕਰਕੇ ਉਸ ਨੂੰ ਫਸਾਇਆ ਜਾ ਰਿਹਾ ਹੈ ਜਿਸ ਦੇ ਪਿੱਛੇ ਵੱਡੇ ਲੋਕਾਂ ਦਾ ਹੱਥ ਹੈ। ਇਸ ਵੇਲੇ ਕਿਸਾਨ ਸਤਵਿੰਦਰ ਸਿੰਘ ਤੁਲੇਵਾਲ ਨੇ ਕਿਹਾ ਕਿ ਅਜੇ ਹਰਜੀਤ ਸਿੰਘ ਦਾ ਦੋ ਏਕੜ ਝੋਨਾ ਲਾਉਣ ਤੋਂ ਰਹਿੰਦਾ ਹੈ, ਪਰ ਉਸ ਨੂੰ ਨਾਜਾਇਜ਼ ਗ੍ਰਿਫ਼ਤਾਰ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਕਿਸਾਨ ਧਰਨੇ ’ਤੇ ਡਟੇ ਹੋਏ ਸਨ। ਪੁਲੀਸ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜੇ ਜਾਂਚ ਚੱਲ ਰਹੀ ਹੈ।