ਨਵੀਂ ਦਿੱਲੀ, 25 ਜੁਲਾਈ
ਭਾਰਤ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ਉਹ ਆਸ ਕਰਦਾ ਹੈ ਕਿ ਕੈਨੇਡਾ ਭਾਰਤ ਵਿਰੋਧੀ ਅਨਸਰਾਂ ਖਿਲਾਫ਼ ਕਾਰਵਾਈ ਕਰੇਗਾ ਅਤੇ ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਦੇਸ਼ ਵਿਚ ‘ਕਾਨੂੰਨ ਦੇ ਰਾਜ ਤੇ ਬਹੁਵਾਦ ਲਈ ਸਤਿਕਾਰ’ ਕਮਜ਼ੋਰ ਹੁੰਦਾ ਰਹੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ, ‘‘ਜਦੋਂ ਕੋਈ ਜਮਹੂਰੀਅਤ ਕਾਨੂੰਨ ਦੇ ਰਾਜ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਮਾਪਣ ਜਾਂ ਲਾਗੂ ਕਰਨ ਲਈ ਵੱਖੋ ਵੱਖਰੇ ਪੈਮਾਨੇ ਅਪਣਾਉਂਦੀ ਹੈ, ਤਾਂ ਇਸ ਨਾਲ ਸਿਰਫ ਦੋਹਰੇ ਮਾਪਦੰਡ ਹੀ ਜੱਗ-ਜ਼ਾਹਿਰ ਹੁੰਦੇ ਹਨ। ਅਸੀਂ ਆਸ ਕਰਦੇ ਹਾਂ ਕਿ ਕੈਨੇਡਾ ਭਾਰਤ ਵਿਰੋਧੀ ਅਨਸਰਾਂ ਖਿਲਾਫ਼ ਕਾਰਵਾਈ ਕਰੇਗਾ, ਜੋ ਹਿੰਸਾ ਨਾਲ ਭਾਰਤੀ ਆਗੂਆਂ, ਸੰਸਥਾਵਾਂ, ਏਅਰਲਾਈਨਾਂ ਅਤੇ ਡਿਪਲੋਮੈਟਾਂ ਨੂੰ ਲਗਾਤਾਰ ਧਮਕਾ ਰਹੇ ਹਨ।’’ -ਆਈਏਐੱਨਐੱਸ