ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਜੁਲਾਈ
ਇੱਥੇ ਲਾਡੋਵਾਲ ਕੋਲ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਦੁਪਹਿਰ ਸਮੇਂ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ। ਟੱਕਰ ਵੱਜਦਿਆਂ ਹੀ ਆਟੋ ਦਾ ਸੰਤੁਲਨ ਵਿਗੜ ਗਿਆ ਤੇ ਇਹ ਪਲਟ ਗਿਆ ਜਿਸ ਕਾਰਨ ਇਸ ’ਚ ਸਵਾਰ ਪੰਜ ਬੱਚਿਆਂ ਸਣੇ ਸੱਤ ਜਣੇ ਜ਼ਖ਼ਮੀ ਹੋ ਗਏ, ਜੋ ਇੱਕੋ ਪਰਿਵਾਰ ਦੇ ਸਨ। ਹਾਦਸੇ ਤੋਂ ਤੁਰੰਤ ਬਾਅਦ ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਨੇ ਜ਼ਖਮੀਆਂ ਨੂੰ ਚੁੱਕਿਆ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਲਾਡੋਵਾਲ ਦੀ ਪੁਲੀਸ ਮੌਕੇ ’ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ। ਜ਼ਖ਼ਮੀਆਂ ਦੀ ਪਛਾਣ ਹਰਪ੍ਰੀਤ ਸਿੰਘ ਸਲਮਾ, ਰਾਗਿਨੀ, ਸਿਮਰਨ, ਸ਼ਬਨਮ, ਜੋਤੀ ਤੇ ਪ੍ਰੀਤ ਵਜੋਂ ਹੋਈ ਹੈ। ਥਾਣਾ ਲਾਡੋਵਾਲ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਖ਼ਮੀ ਰਾਗਿਨੀ ਨੇ ਦੱਸਿਆ ਕਿ ਉਹ ਆਪਣੀਆਂ ਭੈਣਾਂ, ਮਾਂ ਤੇ ਚਾਚਾ ਨਾਲ ਬੁੱਧਵਾਰ ਨੂੰ ਨਕੋਦਰ ਆਪਣੇ ਨਾਨਾ ਦੀ ਬਰਸੀ ’ਤੇ ਚਾਚਾ ਦੇ ਆਟੋ ’ਚ ਗਈ ਸੀ। ਵੀਰਵਾਰ ਦੀ ਸਵੇਰੇ ਉਹ ਵਾਪਸ ਆ ਰਹੇ ਸਨ। ਸਾਰੇ ਆਟੋ ’ਚ ਹੀ ਸਵਾਰ ਸਨ ਜਿੱਥੇ ਰਸਤੇ ’ਚ ਲਾਡੋਵਾਲ ਪੁੱਲ ਕੋਲ ਪਿੱਛੋਂ ਆ ਰਹੇ ਇੱਕ ਟਰੈਕਟਰ ਟਰਾਲੀ ਨੇ ਉਨ੍ਹਾਂ ਦੇ ਆਟੋ ਨੂੰ ਟੱਕਰ ਮਾਰ ਦਿੱਤੀ। ਟੱਕਰ ਵੱਜਦਿਆਂ ਹੀ ਆਟੋ ਦਾ ਸੰਤੁਲਨ ਵਿਗੜ ਗਿਆ ਤੇ ਆਟੋ ਸੜਕ ਦੇ ਵਿਚਕਾਰ ਪਲਟ ਗਿਆ ਜਿਸਨੂੰ ਉੱਥੇ ਜਾਂਦੇ ਰਾਹਗੀਰਾਂ ਨੇ ਸਿੱਧਾ ਕਰ ਕੇ ਉਨ੍ਹਾਂ ਨੂੰ ਬਾਹਰ ਕੱਢਿਆ।
ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਰਾਗਿਨੀ ਨੇ ਦੱਸਿਆ ਕਿ ਟਰੈਕਟਰ ਚਾਲਕ ਮੌਕੇ ’ਤੇ ਵਾਹਨ ਛੱਡ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਪੁਲੀਸ ਵਾਹਨ ਚਾਲਕ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ।