ਮਿਹਰ ਸਿੰਘ
ਕੁਰਾਲੀ, 25 ਜੁਲਾਈ
ਮੰਦਬੁੱਧੀ, ਲਾਵਾਰਿਸਾਂ ਤੇ ਅਪਾਹਜਾਂ ਦੀ ਸੇਵਾ ਸੰਭਾਲ ਕਰ ਰਹੀ ਸੰਸਥਾ ‘ਪ੍ਰਭ ਆਸਰਾ’ ਦਾ ਬਿਜਲੀ ਦਾ ਕੁਨੈਕਸ਼ਨ ਅੱਜ ਫਿਰ ਪਾਵਰਕੌਮ ਵੱਲੋਂ ਕੱਟ ਦਿੱਤਾ ਗਿਆ। ਇਸ ਕਾਰਨ ਸੰਸਥਾ ਵਿੱਚ ਰਹਿ ਰਹੇ 450 ਲਾਚਾਰ ਪ੍ਰਾਣੀਆਂ ਦਾ ਜੀਵਨ ਮੁੜ ਖਤਰੇ ਵਿੱਚ ਪੈ ਗਿਆ ਹੈ। ਸੰਸਥਾ ਦੀ ਪ੍ਰਬੰਧਕ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਿਛਲੇ 20 ਸਾਲਾਂ ਤੋਂ ਨਿਆਸਰਿਆਂ ਲਈ ਆਸਰੇ ਵਜੋਂ ਜਾਣੀ ਜਾਂਦੀ ਹੈ ਅਤੇ ਹੁਣ ਤੱਕ ਹਜ਼ਾਰਾਂ ਵਿਅਕਤੀਆਂ ਨੂੰ ਸਹਾਰਾ ਦੇ ਕੇ ਘਰਾਂ ਤੱਕ ਪਹੁੰਚਾਉਣ ਤੋਂ ਇਲਾਵਾ ਅਨੇਕਾਂ ਨੂੰ ਮੁੜ ਵਸੇਬੇ ਦੇ ਕਾਬਲ ਬਣਾ ਚੁੱਕੀ ਹੈ। ਇਸ ਵੇਲੇ ਵੀ ਸੰਸਥਾ ਵਿੱਚ 450 ਪ੍ਰਾਣੀ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦੀ ਸੇਵਾ ਨੂੰ ਅਣਦੇਖਿਆ ਕਰਕੇ ਅੱਜ ਪ੍ਰਭ ਆਸਰਾ ਸੰਸਥਾ ਦਾ ਬਿਜਲੀ ਦਾ ਕੁਨੈਕਸ਼ਨ ਪਾਵਰਕੌਮ ਵੱਲੋਂ ਮੁੜ ਕੱਟ ਦਿੱਤਾ ਗਿਆ ਹੈ ਜਿਸ ਕਾਰਨ ਪ੍ਰਭ ਆਸਰਾ ਦੀ ਬੱਤੀ ਪੂਰੀ ਤਰ੍ਹਾਂ ਗੁੱਲ ਹੋ ਗਈ ਹੈ ਅਤੇ ਸੰਸਥਾ ਵਿੱਚ ਰਹਿ ਰਹੇ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ ਲਈ ਚਲਾਈਆਂ ਜਾਣ ਵਾਲੀਆਂ ਮਸ਼ੀਨਾਂ ਵੀ ਠੱਪ ਹੋ ਗਈਆਂ ਹਨ। ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਹਾਲੇ ਕੁਝ ਮਹੀਨੇ ਪਹਿਲਾਂ ਹੀ ਸੰਸਥਾ ਦਾ ਕੁਨੈਕਸ਼ਨ ਸਮਾਜ ਦਰਦੀ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਾਂਝੇ ਸੰਘਰਸ਼ ਤੋਂ ਬਾਅਦ ਸਰਕਾਰ ਵੱਲੋਂ ਬਹਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਰੋਸੇ ਦੇ ਬਾਵਜੂਦ ਸਰਕਾਰ ਨੇ ਕੋਈ ਠੋਸ ਨੀਤੀ ਨਹੀਂ ਬਣਾਈ ਜਦਕਿ ਪਾਵਰਕੌਮ ਨੇ ਅੱਜ ਫਿਰ ਸੰਸਥਾ ਦਾ ਕੁਨੈਕਸ਼ਨ ਕੱਟ ਦਿੱਤਾ। ਉਨ੍ਹਾਂ ਕਿਹਾ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਖੁਦ ਲਾਚਾਰ ਨਾਗਰਿਕਾਂ ਨੂੰ ਸੰਸਥਾ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਦੂਜੇ ਪਾਸੇ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।
ਪਾਵਰਕੌਮ ਦੇ ਸਥਾਨਕ ਉੱਪ ਮੰਡਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੱਤਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਪ੍ਰਭ ਆਸਰਾ ਵੱਲ ਲੱਖਾਂ ਦਾ ਬਿਜਲੀ ਦਾ ਬਿੱਲ ਬਕਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਾਰ-ਵਾਰ ਕਹਿਣ ਦੇ ਬਾਜਵੂਦ ਬਿੱਲ ਅਦਾ ਨਹੀਂ ਕੀਤਾ ਗਿਆ, ਜਿਸ ਕਾਰਨ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਉਨ੍ਹਾਂ ਦੀ ਮਜਬੂਰੀ ਹੈ।
ਸਰਕਾਰ ’ਤੇ ਦੋਗਲੇਪਣ ਦਾ ਦੋਸ਼
ਪ੍ਰਬੰਧਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਗਰੀਬ ਪਰਿਵਾਰਾਂ ਅਤੇ ਘਟ ਖਪਤ ਵਾਲੇ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਜਦਕਿ ਬੇਘਰੇ, ਲਾਚਾਰ ਤੇ ਬੇਸਹਾਰਾ ਲੋਕਾਂ ਲਈ ਘਰ ਬਣੇ ‘ਪ੍ਰਭ ਆਸਰਾ’ ਦੀ ਬਿਜਲੀ ਸਪਲਾਈ ਬਿੱਲ ਅਦਾ ਨਾ ਕਰਨ ਨੂੰ ਲੈ ਕੇ ਵਾਰ-ਵਾਰ ਕੱਟੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਦੋਗਲਾ ਰੂਪ ਸਾਹਮਣੇ ਆਇਆ ਹੈ।