ਰਾਜਨ ਮਾਨ
ਰਾਮਦਾਸ, 25 ਜੁਲਾਈ
ਪੰਜਾਬ ਦੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਹੈ ਕਿ ਸੂਬਾ ਗੈਰ-ਕਾਨੂੰਨੀ ਪਰਵਾਸ ਰੋਕਣ ਦੇ ਨਾਲ-ਨਾਲ ਪਰਵਾਸੀ ਭਾਰਤੀਆਂ ਵਾਸਤੇ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਲਈ ਕੇਰਲਾ ਮਾਡਲ ਅਪਣਾਏਗਾ। ਇਹ ਐਲਾਨ ਉਨ੍ਹਾਂ ਆਪਣੇ ਕੇਰਲ ਦੌਰੇ ਦੌਰਾਨ ਕੀਤਾ, ਜਿੱਥੇ ਉਨ੍ਹਾਂ ਵੱਲੋਂ ਨੋਰਕਾ (ਨਾਨ-ਰੈਜ਼ੀਡੈਂਟ ਕੇਰਲਾਈਟਜ਼ ਅਫੇਅਰਜ਼) ਵਿਭਾਗ ਦੀਆਂ ਸਫ਼ਲ ਪਹਿਲਕਦਮੀਆਂ ਦਾ ਅਧਿਐਨ ਕੀਤਾ ਗਿਆ।
ਧਾਲੀਵਾਲ ਨੇ ਗੈਰ-ਕਾਨੂੰਨੀ ਪਰਵਾਸ ਰੋਕਣ ਅਤੇ ਮਜ਼ਦੂਰਾਂ ਦੇ ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਨੂੰ ਯਕੀਨੀ ਬਣਾਉਣ ਲਈ ਕੇਰਲਾ ਮਾਡਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਨਾਗਰਿਕਾਂ ਨੂੰ ਗੈਰ-ਕਾਨੂੰਨੀ ਪਰਵਾਸ ਤੋਂ ਬਚਾਉਣ ਅਤੇ ਉਨ੍ਹਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਜਿਹੀਆਂ ਹੀ ਨੀਤੀਆਂ ਅਪਣਾਏਗਾ। ਪੰਜਾਬ ਸਰਕਾਰ ਪਰਵਾਸ ਨੂੰ ਨਿਯਮਿਤ ਕਰਨ ਅਤੇ ਪਰਵਾਸੀ ਪੰਜਾਬੀਆਂ ਨੂੰ ਸਹਾਇਤਾ ਮੁਹੱਈਆ ਕਰਨ ਲਈ ਨੋਰਕਾ ਵਾਂਗ ਇੱਕ ਸਮਰਪਿਤ ਏਜੰਸੀ ਦੀ ਸਥਾਪਨਾ ਕਰੇਗੀ। ਏਜੰਸੀ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ, ਸੁਰੱਖਿਅਤ ਅਤੇ ਕਾਨੂੰਨੀ ਪਰਵਾਸ ਨੂੰ ਉਤਸ਼ਾਹਿਤ ਕਰਨ, ਪਰਵਾਸੀ ਭਾਰਤੀਆਂ ਨੂੰ ਭਲਾਈ ਸੇਵਾਵਾਂ ਮੁਹੱਈਆ ਕਰਨ, ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ’ਤੇ ਧਿਆਨ ਕੇਂਦਰਿਤ ਕਰੇਗੀ।