ਪੀਪੀ ਵਰਮਾ
ਪੰਚਕੂਲਾ, 25 ਜੁਲਾਈ
ਹਰਿਆਣਾ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਹੜਤਾਲ ਦੇ ਨਾਲ-ਨਾਲ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ। ਅੱਜ ਪੰਚਕੂਲਾ ਦੇ ਡਾਕਟਰ ਸਰਕਾਰੀ ਜਨਰਲ ਹਸਪਤਾਲ ਦੀ ਓਪੀਡੀ ਵਿੱਚ ਵੀ ਨਹੀਂ ਬੈਠੇ। ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ, ਕਾਲਕਾ ਸਿਵਲ ਹਸਪਤਾਲ ਦੇ ਡਾਕਟਰ ਐਮਰਜੈਂਸੀ, ਸੇਵਾਵਾਂ ਵਿੱਚ ਨਹੀਂ ਬੈਠੇ ਅਤੇ ਪੂਰੀ ਤਰ੍ਹਾਂ ਹੜਤਾਲ ਤੇ ਰਹੇ। ਡਾਕਟਰਾਂ ਨਾਲ ਹਸਪਤਾਲਾਂ ਦੀਆਂ ਨਰਸਾਂ ਵੀ ਦੋ ਘੰਟੇ ਲਈ ਹੜਤਾਲ ’ਤੇ ਰਹੀਆਂ। ਮੈਡੀਕਲ ਐਸੋਸੀਏਸ਼ਨ ਪੰਚਕਲਾ ਦੇ ਜ਼ਿਲ੍ਹਾ ਪ੍ਰਧਾਨ ਡਾ. ਮਨਦੀਪ ਸਿੰਘ ਤੇ ਸਟੇਟ ਪ੍ਰਧਾਨ ਡਾ. ਰਾਜੇਸ਼ ਖਿਆਲੀਆ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹੈ ਕਿ ਡਾਕਟਰਾਂ ਨੂੰ ਪੀਜੀ ਕਰਨ ਲਈ ਇੱਕ ਕਰੋੜ ਰੁਪਏ ਦਾ ਬਾਂਡ 50 ਲੱਖ ਰੁਪਏ ਤੋਂ ਘਟਾਇਆ ਜਾਵੇ। ਐੱਸਐੱਮਓ ਦੀ ਸਿੱਧੀ ਭਰਤੀ ਨਾ ਕੀਤੀ ਜਾਵੇ, ਡਾਕਟਰਾਂ ਨੂੰ ਏਸੀਪੀ ਭੱਤੇ ਕੇਂਦਰ ਸਰਕਾਰ ਦੇ ਬਰਾਬਰ ਮਿਲਣ, ਸਪੈਸ਼ਲਿਸਟ ਡਾਕਟਰਾਂ ਦਾ ਵੱਖਰਾ ਕੇਡਰ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਮਨੋਹਰ ਲਾਲ ਦੀ ਸਰਕਾਰ ਸਮੇਂ ਵਿਧਾਨ ਸਭਾ ਵਿੱਚ ਡਾਕਟਰਾਂ ਦਾ ਅਲੱਗ ਕੈਡਰ ਬਣਾਉਣ ਬਾਰੇ ਐਲਾਨ ਹੋਇਆ ਸੀ ਅਤੇ ਇਹ ਹਾਲੇ ਤੱਕ ਪੂਰਾ ਨਹੀਂ ਹੋਇਆ ਅਤੇ ਇਸ ਸਬੰਧੀ ਫਾਇਲ ਦਫ਼ਤਰਾਂ ਵਿੱਚ ਹੀ ਘੁੰਮ ਰਹੀ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਹਰਿਆਣਾ ਦੇ ਕਰੀਬ 159 ਸਰਕਾਰੀ ਹਸਪਤਾਲਾਂ ਦੇ ਤਿੰਨ ਹਜ਼ਾਰ ਡਾਕਟਰ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਵੇਰੇ ਅੱਠ ਵਜੇ ਤੋਂ ਅਣਮਿਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਹਨ। ਹੜਤਾਲ ਕਾਰਨ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਡੀਕਲ ਅਫ਼ਸਰ ਜਤਿੰਦਰ ਨੇ ਦੱਸਿਆ ਕਿ ਰਾਤ ਨੂੰ ਆਏ ਮਰੀਜ਼ਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਤੇ ਨਵੇਂ ਮਰੀਜ਼ ਪੀਜੀਆਈ ਚੰਡੀਗੜ੍ਹ ਰੈਫਰ ਕੀਤੇ ਜਾ ਰਹੇ ਹਨ।
ਹਸਪਤਾਲ ਦਾ ਕੰਮ ਪ੍ਰਭਾਵਿਤ ਨਹੀਂ ਹੋਣ ਦਿੱਤਾ: ਅਧਿਕਾਰੀ
ਪੰਚਕੂਲਾ ਦੇ ਸਰਕਾਰੀ ਹਸਪਤਾਲ ਸੈਕਟਰ-6 ਦੇ ਪ੍ਰਿੰਸੀਪਲ ਮੈਡੀਕਲ ਅਫ਼ਸਰ ਡਾ. ਉਮੇਸ਼ ਮੋਦੀ ਨੇ ਦੱਸਿਆ ਕਿ ਹੜਤਾਲ ਕਾਰਨ ਹਸਪਤਾਲ ਦਾ ਕੰਮ ਪ੍ਰਭਾਵਿਤ ਨਹੀਂ ਹੋਣ ਦਿੱਤਾ ਗਿਆ। ਹੜਤਾਲ ਦੇ ਮੱਦੇ ਨਜ਼ਰ ਐੱਨਐੱਚਐੱਮ ਦੇ ਡਾਕਟਰਾਂ ਦੀ ਤੈਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੜਤਾਲ ਕਾਰਨ ਵੀ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ।