ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੁਲਾਈ
ਪੰਜਾਬ ਦੇ ਸੱਭਿਆਚਾਰ ਦੀ ਰਾਖੀ ਲਈ ਕੰਮ ਕਰਨ ਵਾਲੀ ਜਥੇਬੰਦੀ ਮਿਸਲ ਸਤਲੁਜ ਦੀ ਅੱਜ ਕਿਸਾਨ ਭਵਨ ਵਿੱਚ ਮੀਟਿੰਗ ਹੋਈ। ਇਸ ਵਿੱਚ ਗੁਰਦਰਸ਼ਨ ਸਿੰਘ ਢਿੱਲੋਂ ਅਤੇ ਗੁਰਤੇਜ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮਿਸਲ ਸਤਲੁਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ ਨੇ ਸੰਗਠਨ ਦੇ ਸਮੂਹਿਕ ਫੈਸਲਾ ਲੈਣ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਰਾਜਨੀਤਿਕ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੇ ਪੰਜਾਬ ਦੇ ਲੋਕਾਂ ਦੀ ਭਲਾਈ ਨੂੰ ਤਰਜੀਹ ਦੇਣ ਲਈ ਪਾਰੰਪਰਿਕ ਪਾਰਟੀ ਲਾਈਨਾਂ ਤੋਂ ਪਾਰ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਸੇਵਾਮੁਕਤ ਸੀਨੀਅਰ ਭਾਰਤੀ ਮਾਲ ਅਧਿਕਾਰੀ ਬਲਦੀਪ ਸਿੰਘ ਸੰਧੂ ਨੇ ਪੰਜਾਬ ਦੇ ਕਰਜ਼ੇ ਦੇ ਬੋਝ ਨੂੰ ਘਟਾਉਣ ਤੇ ਨਵੇਂ ਰੁਜ਼ਗਾਰ ਲਈ ਜ਼ਰੂਰੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਸੰਭਾਵਨਾ ਉਭਾਰੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਰਪੂਰ ਸਿੰਘ ਧਾਂਦਰਾ ਨੇ ਸਿੱਖ ਧਾਰਮਿਕ ਮੁੱਦਿਆਂ ਨੂੰ ਬਾਹਰੀ ਦਖਲਅੰਦਾਜ਼ੀ ਤੋਂ ਬਚਾਉਣ ਲਈ ਨਹਿਰੂ-ਤਾਰਾ ਸਿੰਘ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਕਰਨ ਵਾਲੀ ਧਾਰਾ ਦਾ ਸਮਰਥਨ ਕੀਤਾ। ਸਿੱਖ ਸਟੱਡੀਜ਼ ਇੰਸਟੀਚਿਊਟ ਦੇ ਗੁਰਪ੍ਰੀਤ ਸਿੰਘ, ਸਿੱਖ ਅਲਾਇੰਸ ਦੇ ਐਸ. ਪਰਮਪਾਲ ਸਿੰਘ ਸਭਰਾ, ਸਿੱਖ ਸਿਆਸਤ ਦੇ ਪਰਮਜੀਤ ਸਿੰਘ ਗਾਜ਼ੀ, ਕੇਂਦਰੀਆ ਸਿੰਘ ਸਭਾ ਦੇ ਸਕੱਤਰ ਖੁਸ਼ਹਾਲ ਸਿੰਘ ਅਤੇ ਸੈਫ਼ੀ ਦੇ ਯਾਦਵਿੰਦਰ ਸਿੰਘ ਯਾਦੂ ਨੇ ਵਿਚਾਰ ਸਾਂਝੇ ਕੀਤੇ।