ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 25 ਜੁਲਾਈ
ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕੁੰਭੜਾ ਦੀ ਹੋਂਦ ਅਤੇ ਜ਼ਮੀਨ ਬਚਾਉਣ ਦਾ ਮਾਮਲਾ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲ ਪਹੁੰਚ ਗਿਆ ਹੈ। ਕਾਫ਼ੀ ਅਰਸਾ ਪਹਿਲਾਂ ਪਿੰਡ ਵਾਸੀ ਗੁਰਬਖ਼ਸ਼ ਸਿੰਘ ਨੇ ਗਰੀਬ ਬੱਚਿਆਂ ’ਤੇ ਤਰਸ ਖਾ ਕੇ ਕੁੰਭੜਾ ਸਕੂਲ ਨੂੰ ਜ਼ਮੀਨ ਦਾਨ ਕੀਤੀ ਸੀ ਲੇਕਿਨ ਉਨ੍ਹਾਂ ਦੀ ਮੌਤ ਤੋਂ ਬਾਅਦ ਵਾਰਸਾਂ ਨੇ ਸਕੂਲ ਨੂੰ ਦਾਨ ਕੀਤੀ ਜ਼ਮੀਨ ਵਾਪਸ ਮੰਗ ਲਈ ਹੈ, ਜਿਸ ਕਾਰਨ 550 ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਦਿਖਾਈ ਦੇ ਰਿਹਾ ਹੈ। ਬਲਵਿੰਦਰ ਸਿੰਘ ਕੁੰਭੜਾ ਨੇ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਤੇ ਸਬੰਧਤ ਰਿਕਾਰਡ ਸੌਂਪਦਿਆਂ ਮੌਜੂਦਾ ਹਾਲਾਤਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਡਾਇਰੈਕਟਰ, ਡਿਪਟੀ ਡਾਇਰੈਕਟਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਨਿਗਮ ਕਮਿਸ਼ਨਰ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਅਧਿਕਾਰੀ ਪੱਲਾ ਨਹੀਂ ਫੜਾ ਰਿਹਾ। ਉਨ੍ਹਾਂ ਦੱਸਿਆ ਕਿ ਦਾਨੀ ਸੱਜਣ ਦੇ ਵਾਰਸਾਂ ਨੇ ਸਕੂਲ ਦੀ ਇਮਾਰਤ ਖਾਲੀ ਕਰਵਾਉਣ ਲਈ ਮੁਹਾਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਹਾਲਾਂਕਿ ਪਿੰਡ ਵਾਸੀ ਵੀ ਕਾਨੂੰਨੀ ਲੜਾਈ ਲੜ ਰਹੇ ਹਨ ਪਰ ਸਕੂਲ ਦੀ ਮਾਲਕੀ ਦਾ ਕੇਸ ਮੁੱਖ ਅਧਿਆਪਕਾ ਦੇ ਨਾਮ ਦਾਇਰ ਹੋਣਾ ਹੈ ਪਰ ਹੁਣ ਤੱਕ ਮਨਜ਼ੂਰੀ ਨਹੀਂ ਮਿਲੀ ਹੈ।
ਲੋੜੀਂਦੀ ਕਾਰਵਾਈ ਦਾ ਭਰੋਸਾ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਜਲਦੀ ਲੋੜੀਂਦੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ ਅਤੇ ਬੱਚਿਆਂ ਦਾ ਭਵਿੱਖ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਮੰਤਰੀ ਨੂੰ ਮਿਲੇ ਵਫ਼ਦ ਵਿੱਚ ਮਨਜੀਤ ਸਿੰਘ ਮੇਵਾ, ਮਨਦੀਪ ਸਿੰਘ, ਕਰਮਜੀਤ ਸਿੰਘ, ਗੁਰਚਰਨ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ ਹਾਜ਼ਰ ਸਨ।