ਪੱਤਰ ਪ੍ਰੇਰਕ
ਰੂਪਨਗਰ, 26 ਜੁਲਾਈ
ਇੱਥੋਂ ਨੇੜਲੇ ਪਿੰਡ ਮਾਜਰੀ ਵਿੱਚ ਸਵੇਰੇ ਇੱਕ ਵਿਆਹੁਤਾ ਔਰਤ ਜਸਵਿੰਦਰ ਕੌਰ (26) ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸੇ ਦੌਰਾਨ ਰਾਮਪੁਰ ਮਾਜਰੀ ਦਾ ਕੁਲਵਿੰਦਰ ਸਿੰਘ ਵੀ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਨਹਿਰ ਵਿੱਚ ਰੁੜ੍ਹ ਗਿਆ। ਜਾਣਕਾਰੀ ਅਨੁਸਾਰ ਮੁਹਾਲੀ ਜ਼ਿਲ੍ਹੇ ਦੇ ਪਿੰਡ ਰੁੜਕਾ ਦੀ ਰਹਿਣ ਵਾਲੀ ਜਸਵਿੰਦਰ ਆਪਣੇ ਨਾਨਕੇ ਪਿੰਡ ਭੰਗਾਲਾ ਆਈ ਹੋਈ ਸੀ। ਔਰਤ ਨੂੰ ਕੁੱਝ ਸਮੇਂ ਬਾਅਦ ਗੋਤਾਖੋਰਾਂ ਨੇ ਨਹਿਰ ਵਿੱਚੋਂ ਬਾਹਰ ਕੱਢ ਲਿਆ, ਪਰ ਉਸ ਦੀ ਜਾਨ ਨਾ ਬਚ ਸਕੀ। ਦੂਜੇ ਪਾਸੇ, ਨੌਜਵਾਨ ਦਾ ਕੋਈ ਸੁਰਾਗ ਨਹੀਂ ਲੱਗਿਆ। ਥਾਣਾ ਸਿਟੀ ਰੂਪਨਗਰ ਦੀ ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।