ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ)
ਇੱਥੋਂ ਦੇ ਸਰਕਾਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲੇ ਲਈ ਦੂਜੀ ਕਾਊਂਸਲਿੰਗ ਹੋਵੇਗੀ ਜਿਸ ਵਿੱਚ ਸਰਕਾਰੀ ਸਕੂਲਾਂ ਦੇ ਦਸਵੀਂ ਪਾਸ ਕਰਨ ਵਾਲੇ ਤੇ ਦਾਖ਼ਲੇ ਤੋਂ ਵਾਂਝੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ’ਤੇ ਦਾਖ਼ਲਾ ਮਿਲੇਗਾ। ਇਸ ਕਾਊਂਸਲਿੰਗ ਲਈ ਸੋਧੇ ਫਾਰਮ 31 ਜੁਲਾਈ ਤੋਂ ਮਿਲਣੇ ਸ਼ੁਰੂ ਹੋਣਗੇ ਤੇ ਪੰਜ ਅਗਸਤ ਆਖ਼ਰੀ ਮਿਤੀ ਹੋਵੇਗੀ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਸਕੂਲਾਂ ਵਿਚ ਸਟਰੀਮ ਵਾਈਜ਼ ਖਾਲੀ ਸੀਟਾਂ ਦੇ ਵੇਰਵੇ 31 ਜੁਲਾਈ ਨੂੰ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਨਸ਼ਰ ਕੀਤੇ ਜਾਣਗੇ। ਵਿਦਿਆਰਥੀਆਂ ਨੂੰ ਸਕੂਲਾਂ ਦੀ ਵੰਡ ਅੱਠ ਅਗਸਤ ਨੂੰ ਕੀਤੀ ਜਾਵੇਗੀ। ਸ੍ਰੀ ਬਰਾੜ ਨੇ ਦੱਸਿਆ ਕਿ ਕੰਪਾਰਟਮੈਂਟ ਆਧਾਰਤ ਸੀਟਾਂ ਨਤੀਜੇ ਆਉਣ ’ਤੇ ਵਿਦਿਆਰਥੀਆਂ ਨੂੰ ਦੂਜੀ ਜਾਂ ਤੀਜੀ ਕਾਊਂਸਲਿੰਗ ਵਿੱਚ ਭਰੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲੀ ਕਾਊਂਸਲਿੰਗ ਵਿਚ 96 ਫ਼ੀਸਦੀ ਸੀਟਾਂ ਭਰੀਆਂ ਜਾ ਚੁੱਕੀਆਂ ਹਨ। ਗਿਆਰ੍ਹਵੀਂ ਜਮਾਤ ਲਈ ਚੰਡੀਗੜ੍ਹ ਦੇ 42 ਸੀਨੀਅਰ ਸੈਕੰਡਰੀ ਸਕੂਲਾਂ ਵਿਚ 13,875 ਸੀਟਾਂ ਹਨ ਜਿਨ੍ਹਾਂ ਵਿਚੋਂ ਸਰਕਾਰੀ ਸਕੂਲਾਂ ਵਿਚੋਂ ਪੜ੍ਹੇ ਵਿਦਿਆਰਥੀਆਂ ਦੇ 9890 ਫਾਰਮ ਮਿਲੇ ਹਨ ਤੇ ਉਨ੍ਹਾਂ ਨੂੰ 9702 ਸੀਟਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਵੇਲੇ ਕੁੱਲ 15,699 ਫਾਰਮਾਂ ਦੇ ਮੁਕਾਬਲੇ 13,006 ਸੀਟਾਂ ਭਰੀਆਂ ਜਾ ਚੁੱਕੀਆਂ ਹਨ।