ਗੁਰਪ੍ਰੀਤ ਦੌਧਰ
ਅਜੀਤਵਾਲ, 26 ਜੁਲਾਈ
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰੀ ਨੂੰ ਰੋਕਣ ਲਈ ਆਨਲਾਈਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਸਰਕਾਰੀ ਮਹਿਕਮਿਆਂ ’ਚ ਆਪਸੀ ਤਾਲਮੇਲ ਦੀ ਘਾਟ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਕਿਸੇ ਵਾਹਨ ਦੀ ਆਰਸੀ ਦੇ ਗੁਮ ਹੋਣ ’ਤੇ ਟਰਾਂਸਪੋਰਟ ਵਿਭਾਗ ਵੱਲੋਂ ਪੁਲੀਸ ਰਿਪੋਰਟ ਮੰਗੀ ਜਾਂਦੀ ਹੈ ਅਤੇ ਕੋਈ ਵੀ ਵਿਅਕਤੀ ਐੱਫਆਈਆਰ ਨੂੰ ਸਾਂਝ ਕੇਂਦਰ ਵਿਚ ਦਰਜ ਕਰਵਾ ਸਕਦਾ ਹੈ ਜਾਂ ਖੁਦ ਆਨਲਾਈਨ ਦਰਜ ਕਰ ਸਕਦਾ ਹੈ। ਇਸ ਨੂੰ ਪੁਲੀਸ ਵੱਲੋਂ ਵੈਰੀਫਾਈ ਕੀਤਾ ਜਾਂਦਾ ਹੈ ਪਰ ਮੋਗਾ ਦਾ ਟਰਾਂਸਪੋਰਟ ਵਿਭਾਗ ਇਸ ਆਨਲਾਈਨ ਐੱਫਆਈਆਰ ਨੂੰ ਨਹੀਂ ਮੰਨਦਾ। ਜਾਣਕਾਰੀ ਅਨੁਸਾਰ ਦੌਧਰ ਵਾਸੀ ਸਨਦੀਪ ਸਿੰਘ ਨੇ ਆਪਣੀ ਬਰੇਜ਼ਾ ਗੱਡੀ ਦੀ ਐੱਫਆਈਆਰ ਨੰਬਰ 478379/2024 ਆਨਲਾਈਨ ਦਰਜ ਕਰਵਾਈ ਸੀ ਪਰ ਮੋਗਾ ਦੇ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਨੇ ਇੱਕ ਮਹੀਨੇ ਬਾਅਦ ਕਾਗਜ਼ ਵਾਪਸ ਕਰ ਦਿੱਤੇ ਹਨ ਅਤੇ ਮੁੜ ਐੱਫਆਈਆਰ ਕਰਾਉਣ ਲਈ ਕਿਹਾ ਹੈ। ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਨੇ ਆਖਿਆ ਕਿ ਉਹ ਇਸ ਮਾਮਲੇ ਦੀ ਪੜਤਾਲ ਕਰਨਗੇ। ਦੂਜੇ ਪਾਸੇ ਸਾਂਝ ਕੇਂਦਰ ਪੁਲੀਸ ਕੰਟਰੋਲ ਰੂਮ ਲੁਧਿਆਣਾ ਦਾ ਕਹਿਣਾ ਹੈ ਕਿ ਲੋਕ ਦੀ ਸਹੂਲਤ ਲਈ ਇਸ ਨੂੰ ਆਨਲਾਈਨ ਕੀਤਾ ਗਿਆ ਹੈ ਤੇ ਟਰਾਂਸਪੋਰਟ ਵਿਭਾਗ ਨੂੰ ਆਨਲਾਈਨ ਐੱਫਆਈਆਰ ਨੂੰ ਮੰਨਣੀ ਚਾਹੀਦੀ ਹੈ।