ਲਖਵੀਰ ਸਿੰਘ ਚੀਮਾ
ਟੱਲੇਵਾਲ, 26 ਜੁਲਾਈ
ਪਿੰਡ ਗਾਗੇਵਾਲ ਵਿੱਚ ਇੱਕ ਕਿਸਾਨ ਵੱਲੋਂ ਬਿਜਲੀ ਸਪਲਾਈ ਨਾ ਮਿਲਣ ਕਰਕੇ ਪਾਣੀ ਦੀ ਘਾਟ ਕਾਰਨ ਝੋਨੇ ਦੀ ਦੋ ਏਕੜ ਫ਼ਸਲ ਵਾਹ ਦਿੱਤੀ ਗਈ। ਪੀੜਤ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ। ਉਸ ਨੇ ਕਰੀਬ 8 ਏਕੜ ਝੋਨੇ ਦੀ ਫ਼ਸਲ ਲਾਈ ਗਈ ਪਰ ਖੇਤੀ ਸੈਕਟਰ ਲਈ ਬਿਜਲੀ ਸਪਲਾਈ ਪੂਰੀ ਨਹੀਂ ਮਿਲ ਰਹੀ ਜਿਸ ਕਾਰਨ ਪਾਣੀ ਪੂਰਾ ਨਾ ਹੋਣ ਕਰਕੇ ਝੋਨੇ ਦੀ ਫ਼ਸਲ ਸੁੱਕ ਗਈ ਅਤੇ ਉਸ ਨੂੰ ਮਜਬੂਰਨ ਦੋ ਏਕੜ ਦੇ ਕਰੀਬ ਖੜ੍ਹਾ ਝੋਨਾ ਵਾਹੁਣਾ ਪਿਆ ਹੈ। ਬੀਕੇਯੂ ਕਾਦੀਆਂ ਦੇ ਬਲਾਕ ਆਗੂ ਮਿੱਤਰਪਾਲ ਸਿੰਘ ਗਾਗੇਵਾਲ ਨੇ ਕਿਹਾ ਕਿ ਰੋਜ਼ਾਨਾ 3 ਤੋਂ 4 ਘੰਟੇ ਦੇ ਬਿਜਲੀ ਕੱਟ ਲਾਏ ਜਾ ਰਹੇ ਹਨ ਜਿਸ ਕਰਕੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਪਾਵਰਕੌਮ ਵਿਭਾਗ ਦੇ ਜੇਈ ਭਗਵਿੰਦਰ ਸਿੰਘ ਨੇ ਅਣਜਾਨਤਾ ਪ੍ਰਗਟਾਉਂਦਿਆਂ ਦੀਵਾਨਾ ਗਰਿੱਡ ਵਿੱਚ ਗੱਲ ਕਰਨ ਲਈ ਕਹਿ ਕੇ ਪੱਲਾ ਝਾੜ ਲਿਆ। ਦੀਵਾਨਾ ਗਰਿੱਡ ਦੇ ਮੁਲਾਜ਼ਮ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਹੈੱਡ ਦਫ਼ਤਰ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਕਦੇ ਕਦਾਈਂ ਕੱਟ ਵੀ ਲਾਉਣਾ ਪੈਂਦਾ ਹੈ। ਆਮ ਤੌਰ ’ਤੇ ਬਿਜਲੀ 8 ਘੰਟੇ ਦਿੱਤੀ ਜਾ ਰਹੀ ਹੈ।