ਤੇਜਦੀਪ ਕੌਰ ਕਲੇਰ*
ਪੰਛੀਆਂ ਨਾਲ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ। ਪੰਜਾਬ ਵਿੱਚ ਪਾਏ ਜਾਣ ਵਾਲੇ 300 ਕਿਸਮਾਂ ਦੇ ਪੰਛੀਆਂ ਵਿੱਚੋਂ ਬਹੁਤੀਆਂ ਕਿਸਮਾਂ ਦਾ ਖੇਤੀ ਲਈ ਲਾਭਦਾਇਕ ਯੋਗਦਾਨ ਹੈ। ਅਨੇਕਾਂ ਕਿਸਮਾਂ ਦੇ ਪੰਛੀ ਕੀੜੇ-ਮਕੌੜਿਆਂ ਨੂੰ ਆਪਣਾ ਆਹਾਰ ਬਣਾਉਂਦੇ ਹਨ, ਉਨ੍ਹਾਂ ਵਿੱਚੋਂ ਬਹੁਤੇ ਕੀੜੇ-ਮਕੌੜੇ ਖੇਤੀ ਨੂੰ ਹਾਨੀ ਪਹੁੰਚਾਉਂਦੇ ਹਨ, ਇਸ ਤਰ੍ਹਾਂ ਕੀੜੇ-ਮਕੌੜੇ ਖਾਣੇ ਪੰਛੀਆਂ ਦੀਆਂ ਜਾਤੀਆਂ ਕਿਸਾਨਾਂ ਦੀ ਮਦਦ ਕਰ ਕੇ ਇਕ ਤਰ੍ਹਾਂ ਨਾਲ ਕੁਦਰਤੀ ਤੌਰ ’ਤੇ ਹਾਨੀਕਾਰਕ ਕੀੜਿਆਂ ਦੀਆਂ ਅਨੇਕਾਂ ਕਿਸਮਾਂ ਅਤੇ ਗਿਣਤੀ ’ਤੇ ਕਾਬੂ ਪਾਉਣ ਵਿੱਚ ਸਹਾਈ ਹੁੰਦੀਆਂ ਹਨ। ਇਨ੍ਹਾਂ ਪੰਛੀਆਂ ਵਿੱਚੋਂ ਮੁੱਖ ਤੌਰ ’ਤੇ ਇਹ ਪੰਛੀ ਹਨ- ਗਾਏ ਬਗਲਾ, ਕਾਲ ਕਲੀਚੀ, ਛੋਟਾ ਉੱਲੂ, ਹੁਦਹੁਦ ਜਾਂ ਚੱਕੀਹਾਰਾ, ਨੀਲਕੰਠ, ਕਠਫੌੜਾ, ਟਟੀਰੀ, ਕਮਾਦੀ ਕੁੱਕੜ ਆਦਿ।
ਗਾਏ ਬਗਲਾ ਇੱਕ ਪ੍ਰਮੁੱਖ ਕੀੜੇ-ਮਕੌੜੇ ਖਾਣ ਵਾਲਾ ਪੰਛੀ ਹੈ। ਇਹ ਅਕਸਰ ਵਾਹੀ ਦੇ ਵੇਲੇ ਟਰੈਕਟਰਾਂ ਜਾਂ ਬਲਦਾਂ ਦੇ ਪਿੱਛੇ ਫਿਰਦਾ ਦਿਖਾਈ ਦਿੰਦਾ ਹੈ ਅਤੇ ਜ਼ਮੀਨ ਵਿੱਚੋਂ ਨਿਕਲੇ ਕੀੜੇ-ਮਕੌੜੇ ਆਦਿ ਨੂੰ ਖਾਂਦਾ ਹੈ। ਇਸ ਤੋਂ ਇਲਾਵਾ ਇਹ ਪੰਛੀ, ਪਸ਼ੂਆਂ ਦੇ ਤੁਰਨ ਅਤੇ ਹਿਲਜੁੱਲ ਨਾਲ ਨਿਕਲੇ ਕੀੜੇ-ਮਕੌੜਿਆਂ ਅਤੇ ਛੋਟੀਆਂ ਕਿਰਲੀਆਂ ਆਦਿ ਇਸ ਦਾ ਆਹਾਰ ਹਨ। ਇੱਕ ਹੋਰ ਪ੍ਰਮੁੱਖ ਕੀੜੇ-ਮਕੌੜੇ ਆਦਿ ਖਾਣ ਵਾਲਾ ਪੰਛੀ ਹੈ ਕਾਲ ਕਲੀਚੀ। ਇਹ ਪੰਛੀ ਚਮਕਦੇ ਕਾਲੇ ਰੰਗ ਦਾ ਹੁੰਦਾ ਹੈ। ਕਾਲ ਕਲੀਚੀ ਨੂੰ ਅਕਸਰ ਪੈਲੀਆਂ ਦੇ ਉੱਤੋਂ ਦੀ ਲੰਘਦੀਆਂ ਬਿਜਲੀ ਦੀਆਂ ਤਾਰਾਂ ’ਤੇ ਬੈਠੇ ਦੇਖਦੇ ਹਾਂ। ਕਾਲ ਕਲੀਚੀ ਦੀ ਮੁੱਖ ਖ਼ੁਰਾਕ ਕੀੜੇ-ਮਕੌੜੇ, ਛੋਟੇ ਪੰਛੀ ਅਤੇ ਕਿਰਲੀਆਂ ਆਦਿ ਹੈ। ਇਸ ਮਿੱਤਰ ਪੰਛੀ ਦੀ ਸਾਡੇ ਖੇਤਾਂ ਵਿੱਚ ਉਪਯੋਗੀ ਭੂਮਿਕਾ ਹੈ ਅਤੇ ਇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਇੱਕ ਹੋਰ ਕਿਸਾਨਾਂ ਦਾ ਮਿੱਤਰ ਪੰਛੀ ਹੈ ਚੱਕੀਹਾਰਾ। ਇਸ ਮੱਧਮ ਜਿਹੇ ਸੰਤਰੀ ਰੰਗ ਦੇ ਪੰਛੀ ਦੇ ਖੰਭਾਂ, ਪੂੰਛ ਅਤੇ ਉੱਪਰਲੇ ਪਾਸੇ ਸਫੈਦ ਅਤੇ ਕਾਲੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਇਸ ਪੰਛੀ ਨੂੰ ਖੇਤਾਂ ਅਤੇ ਬੰਨ੍ਹਿਆਂ ਦੁਆਲੇ ਅਤੇ ਖਾਲੀ ਥਾਵਾਂ ’ਤੇ ਜ਼ਮੀਨ ਵਿੱਚੋਂ ਕੀੜੇ-ਮਕੌੜੇ ਆਦਿ ਲੱਭਦੇ ਨੂੰ ਅਕਸਰ ਦੇਖਿਆ ਜਾਂਦਾ ਹੈ।
ਨੀਲਕੰਠ ਅਤੇ ਕਠਫੋੜਾ ਵੀ ਕਿਸਾਨਾਂ ਦੇ ਮਿੱਤਰ ਪੰਛੀ ਹਨ। ਕਠਫੋੜਾ ਆਪਣੀ ਤਿੱਖੀ ਚੁੰਝ ਨਾਲ ਦਰੱਖਤਾਂ ਦੀਆਂ ਤਰੇੜਾਂ ਵਿੱਚੋਂ ਕੀੜੇ-ਮਕੌੜੇ ਆਦਿ ਫੜਦਾ ਹੈ। ਨੀਲਕੰਠ ਦਾ ਮੁੱਖ ਆਹਾਰ ਡੱਡੂ, ਹਾਨੀਕਾਰਕ ਕੀੜੇ-ਮਕੌੜੇ ਅਤੇ ਕਿਰਲੀਆਂ ਆਦਿ ਹੈ। ਉਪਰੋਕਤ ਪੰਛੀਆਂ ਵਾਂਗ ਹੀ ਇਹ ਕਿਸਾਨਾਂ ਦਾ ਦੋਸਤ ਪੰਛੀ ਹੈ ਚੁਗਲ ਜਾਂ ਛੋਟਾ ਉੱਲੂ। ਚੁਗਲ ਦੇ ਪਰਾਂ ਜਾ ਖੰਭਾਂ ਦਾ ਰੰਗ ਸਲੇਟੀ ਭੂਰਾ ਹੁੰਦਾ ਹੈ ਅਤੇ ਉਸ ਉੱਤੇ ਚਿੱਟੇ ਰੰਗ ਦੇ ਧੱਬੇ ਹੁੰਦੇ ਹਨ। ਇਸ ਪੰਛੀ ਦੀ ਮੂਲ ਖ਼ੁਰਾਕ ਕੀੜੇ-ਮਕੌੜੇ ਆਦਿ ਹਨ ਅਤੇ ਇਹ ਪੰਛੀ ਕੁਦਰਤੀ ਤੌਰ ’ਤੇ ਹਾਨੀਕਾਰਕ ਕੀੜਿਆਂ ਆਦਿ ’ਤੇ ਕਾਬੂ ਪਾਉਣ ਵਿੱਚ ਸਹਾਈ ਸਿੱਧ ਹੁੰਦਾ ਹੈ।
ਭਾਰਤ ਦੇ ਪੰਛੀਆਂ ਤੇ 2023 (State of India’s Birds 2023) ਦੀ ਰਿਪੋਰਟ: ਪਿਛਲੇ ਕੁਝ ਦਹਾਕਿਆਂ ਤੋਂ ਜੰਗਲਾਂ ਹੇਠ ਰਕਬਾ ਘਟ ਜਾਣ ਕਾਰਨ ਅਤੇ ਮਨੁੱਖੀ ਲਾਪਰਵਾਹੀ ਕਾਰਨ ਅਨੇਕਾਂ ਜੀਵਾਂ ਦਾ ਵਜੂਦ ਖ਼ਤਮ ਹੋ ਗਿਆ ਹੈ ਅਤੇ ਕੁਝ ਦੀ ਗਿਣਤੀ ਘਟ ਰਹੀ ਹੈ। 2023 ਦੀ ਰਿਪੋਰਟ ਮੁਤਾਬਕ 942 ਪੰਛੀਆਂ ਦੀਆਂ ਜਾਤੀਆਂ ਵਿੱਚੋਂ 523 ਬਾਰੇ ਕਾਫ਼ੀ ਡੇਟਾ ਇਕੱਠਾ ਕੀਤਾ ਗਿਆ ਹੈ। 338 ਪੰਛੀਆਂ ਦੀਆਂ ਜਾਤੀਆਂ ਬਾਰੇ ਜਨਸੰਖਿਆ ਰੁਝਾਨ ਨੇ ਦੱਸਿਆ ਹੈ ਕਿ 204 ਜਾਤੀਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਕੀੜੇ-ਮਕੌੜੇ ਅਤੇ ਸ਼ਿਕਾਰੀ ਪੰਛੀਆਂ ਦੀਆਂ ਜਾਤੀਆਂ ਦੀ ਗਿਣਤੀ ਵਿੱਚ ਨਿਰੰਤਰ ਕਮੀ ਆ ਰਹੀ ਹੈ। ਪੰਛੀ ਵਿਗਿਆਨੀਆਂ ਨੇ ਅਨੇਕਾਂ ਕਿਸਮਾਂ ਦੇ ਪੰਛੀਆਂ ਜਿਵੇਂ ਕਿ ਚਿੜੀ, ਗਿੱਧ, ਉੱਲੂ ਆਦਿ ਦੀ ਘੱਟ ਰਹੀ ਗਿਣਤੀ ’ਤੇ ਸਮੇਂ-ਸਮੇਂ ਚਿੰਤਾ ਜ਼ਾਹਰ ਕੀਤੀ ਹੈ। ਖੇਤੀ ਵਿੱਚ ਕੀਟਨਾਸ਼ਕਾਂ ਅਤੇ ਹੋਰ ਦਵਾਈਆਂ ਨੂੰ ਲੋੜ ਮੁਤਾਬਕ, ਸਮੇਂ ਸਿਰ ਅਤੇ ਸਹੀ ਮਿਕਦਾਰ ਵਿੱਚ ਵਰਤੋਂ ਵਿੱਚ ਲਿਆਉਣ ਦੀ ਲੋੜ ਹੈ। ਇਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਨੂੰ ਸਹੀ ਢੰਗ ਨਾਲ ਅਪਣਾਉਣ ਨਾਲ ਅਸੀਂ ਕੁਦਰਤ ਦੇ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।
ਕੀੜੇ-ਮਕੌੜੇ ਖਾਣ ਵਾਲੇ ਪੰਛੀਆਂ ਦੇ ਵਾਧੇ ਲਈ ਯਤਨ: ਅਸੀਂ ਇਸ ਗੱਲ ਤੋਂ ਭਲੀ-ਭਾਂਤ ਵਾਕਫ਼ ਹਾਂ ਕਿ ਕੁਦਰਤ ਵਿੱਚ ਹਰ ਜੀਵਨ ਦਾ ਆਪਣਾ ਮਹੱਤਵ ਹੈ, ਖ਼ਾਸ ਕਰ ਕੇ ਕੀੜੇ-ਮਕੌੜੇ ਖਾਣ ਵਾਲੇ ਮਿੱਤਰ ਪੰਛੀਆਂ ਦਾ। ਇਨ੍ਹਾਂ ਦੀ ਜਨਸੰਖਿਆ ਵਿੱਚ ਵਾਧਾ ਹੋਵੇ। ਇਸ ਲਈ ਕਈ ਉਪਰਾਲੇ ਕਰਨੇ ਚਾਹੀਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਜ਼ਰੂਰੀ ਹੈ।
* ਰੁੱਖ ਲਗਾਉਣਾ, ਪੰਜਾਬ ਦੇ ਪੁਰਾਣੇ ਰਵਾਇਤੀ ਦਰੱਖਤਾਂ ਨੂੰ ਲਗਾਉਣ ਲਈ ਵੱਡੇ ਪੱਧਰ ’ਤੇ ਉਪਰਾਲੇ ਕਰਨੇ ਚਾਹੀਦੇ ਹਨ। ਪਿੱਪਲ, ਬੋਹੜ, ਨਿੰਮ, ਡੇਕ, ਟਾਹਲੀ, ਤੂਤ, ਸਰੀਂਹ ਆਦਿ ਦਰੱਖਤਾਂ ਨੂੰ ਸੜਕਾਂ ਦੁਆਲੇ, ਨਹਿਰਾਂ ਦੇ ਕੰਡਿਆਂ ਤੇ ਹੋਰ ਖਾਲੀ ਪਈਆਂ ਥਾਵਾਂ ’ਤੇ ਲਗਾਉਣ ਦੀ ਲੋੜ ਹੈ।
* ਭਾਰਤ ਵਿੱਚ ਅਲੱਗ-ਅਲੱਗ ਸੂਬਿਆਂ ਵਿੱਚ ਪੰਛੀ ਵਿਗਿਆਨੀਆਂ ਨੇ ਇਹ ਸਾਬਿਤ ਕੀਤਾ ਹੈ ਕਿ ਬਨਾਉਟੀ ਆਲ੍ਹਣੇ (ਜਿਹੜੇ ਕਿ ਲੱਕੜ ਦੇ ਬਣੇ ਹੁੰਦੇ ਹਨ) ਲਗਾਉਣ ਨਾਲ ਅਸੀਂ ਖੁੱਡਾਂ ਵਿੱਚ ਰਹਿਣ ਵਾਲੇ ਪੰਛੀਆਂ ਨੂੰ ਵਧੇਰੇ ਥਾਵਾਂ ਮੁਹੱਈਆ ਕਰਵਾ ਸਕਦੇ ਹਾਂ।
* ਕਈ ਫ਼ਸਲਾਂ ਜਿਵੇਂ ਕਿ ਕਪਾਹ ਜਿੱਥੇ ਸੁੰਡੀਆਂ ਅਤੇ ਕੀੜੇ-ਮਕੌੜੇ ਹੋਣ ਉੱਥੇ ‘T’ ਅੰਗਰੇਜ਼ੀ ਦੇ ਸ਼ਬਦ ‘ਟੀ’ ਵਰਗੀਆਂ ਪੰਛੀਆਂ ਦੇ ਬੈਠਣ ਲਈ ਬਾਂਸ ਦੀਆਂ ਥਾਵਾਂ ਬਣਾਉਣੀਆਂ ਚਾਹੀਦੀਆਂ ਹਨ, ਇਹ ਅਨੇਕਾਂ ਵਿਗਿਆਨਾਂ ਦੀ ਖੋਜ ਨੇ ਤੱਥ ਅੱਗੇ ਲਿਆਂਦਾ ਹੈ।
* ਪੰਛੀਆਂ ਨੂੰ ਚੋਗਿਰਦੇ ਵਿੱਚ ਬਚਾਉਣ ਲਈ ਅਤੀ ਜ਼ਰੂਰੀ ਹੈ ਕਿ ਉਨ੍ਹਾਂ ਬਾਰੇ, ਪੰਛੀਆਂ ਦੀਆਂ ਆਦਤਾਂ, ਖ਼ੁਰਾਕ ਅਤੇ ਪਛਾਣ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਅਤੇ ਪੰਛੀਆਂ ਦੇ ਅਹਿਮ ਰੋਲ ਬਾਰੇ ਜਾਗਰੂਕਤਾ ਦੀ ਲੋੜ ਹੈ। ਇਸ ਵਿੱਚ ਸਰਕਾਰੀ, ਗ਼ੈਰ-ਸਰਕਾਰੀ ਅਤੇ ਹੋਰ ਅਗਾਂਹਵਧੂ ਨੌਜਵਾਨਾਂ ਦੀਆਂ ਸੰਸਥਾਵਾਂ ਵੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।
*ਪੰਛੀ ਵਿਗਿਆਨੀ ਅਤੇ ਮੁਖੀ ਜੀਵ ਵਿਗਿਆਨ ਵਿਭਾਗ, ਪੀਏਯੂ ਲੁਧਿਆਣਾ।