ਨਵੀਂ ਦਿੱਲੀ, 27 ਜੁਲਾਈ
ਇੱਥੇ ਅੱਜ ਨੀਤੀ ਆਯੋਗ ਦੀ ਨੌਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋ ਚੁੱਕੀ ਹੈ। ਇਹ ਮੀਟਿੰਗ 2047 ਤੱਕ ਭਾਰਤ ਨੂੰ ਇਕ ਵਿਕਸਤ ਦੇਸ਼ ਬਣਾਉਣ ’ਤੇ ਕੇਂਦਰਿਤ ਹੈ। ਇਸ ਦਾ ਮਕਸਦ ਕੇਂਦਰ ਤੇ ਸੂਬਾ ਸਰਕਾਰਾਂ ਵਿਚਾਲੇ ਭਾਗੀਦਾਰੀ ਪ੍ਰਬੰਧ ਤੇ ਸਹਿਯੋਗ ਵਧਾਉਣਾ ਹੈ। ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਯੂਟੀਜ਼ ਦੇ ਉਪ ਰਾਜਪਾਲ ਅਤੇ ਕਈ ਕੇਂਦਰੀ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਹਨ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੇ ਚੇਅਰੈਨ ਹਨ। ਹਾਲਾਂਕਿ, ਪੰਜਾਬ, ਹਿਮਾਚਲ ਪ੍ਰਦੇਸ਼, ਕਰਨਾਟਕ, ਤਿਲੰਗਾਨਾ ਤੇ ਦਿੱਲੀ ਸਣੇ ਹੋਰ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਇਸ ਮੀਟਿੰਗ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਉੱਧਰ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਇਕ ਵੀਡੀਓ ਸੁਨੇਹਾ ਜਾਰੀ ਕਰ ਕੇ ਇਸ ਮੀਟਿੰਗ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਜਦਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰੀ ਬਜਟ ਵਿੱਚ ਸੂਬਿਆਂ ਨਾਲ ਕੀਤੇ ਵਿਤਕਰੇ ਦਾ ਵਿਰੋਧ ਕਰਨ ਲਈ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। -ਪੀਟੀਆਈ