ਪੈਰਿਸ, 27 ਜੁਲਾਈ
ਏਅਰ ਰਾਈਫਲ ਮਿਕਸਡ ਟੀਮਾਂ ਦੀਆਂ ਓਲੰਪਿਕ ਖੇਡਾਂ ਵਿੱਚ ਅੱਜ ਇੱਥੇ ਨਿਰਾਸ਼ਾਜਨਕ ਸ਼ੁਰੂਆਤ ਤੋਂ ਬਾਅਦ ਸਰਬਜੋਤ ਸਿੰਘ ਅਤੇ ਅਰਜੁਨ ਸਿੰਘ ਚੀਮਾ ਨੇ ਟੁਕੜਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਪਰ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਦੇ ਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੇ। ਸਰਬਜੋਤ ਕੁਅਲੀਫਿਕੇਸ਼ਨ ਵਿੱਚ 577 ਦੇ ਕੁੱਲ ਸਕੋਰ ਨਾਲ ਨੌਵੇਂ ਸਥਾਨ ’ਤੇ ਰਿਹਾ ਜਦਕਿ ਅਰਜੁਨ 574 ਦੇ ਸਕੋਰ ਨਾਲ 18ਵੇਂ ਸਥਾਨ ’ਤੇ ਰਿਹਾ। ਅੱਠਵੇਂ ਸਥਾਨ ਦੇ ਨਾਲ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੇ ਜਰਮਨੀ ਦੇ ਰੌਬਿਨ ਵਾਲਟਰ ਦਾ ਸਕੋਰ ਵੀ 577 ਸੀ ਪਰ ਉਸ ਨੇ ਸਰਬਜੋਤ ਦੇ 16 ਦੇ ਮੁਕਾਬਲੇ 17 ਸਟੀਕ ਨਿਸ਼ਾਨੇ ਲਾਏ ਸਨ। ਸਰਬਜੋਤ ਚੌਥੀ ਲੜੀ ਵਿੱਚ ਪਰਫੈਕਟ 100 ਦਾ ਸਕੋਰ ਕਰਨ ਤੋਂ ਬਾਅਦ ਸਿਖਰਲੇ ਤਿੰਨ ਵਿੱਚ ਪਹੁੰਚ ਗਿਆ ਸੀ ਪਰ 22 ਸਾਲ ਦਾ ਇਹ ਨਿਸ਼ਾਨੇਬਾਜ਼ ਲੈਅ ਬਰਕਰਾਰ ਰੱਖਣ ਵਿੱਚ ਨਾਕਾਮ ਰਿਹਾ ਅਤੇ ਮਾਮੂਲੀ ਫਰਕ ਨਾਲ ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ। ਚੀਮਾ ਵੀ ਇਕ ਸਮੇਂ ਚੌਥੇ ਸਥਾਨ ’ਤੇ ਪਹੁੰਚ ਗਿਆ ਸੀ ਪਰ ਉਹ ਵੀ ਇਸ ਲੈਅ ਨੂੰ ਬਰਕਰਾਰ ਨਹੀਂ ਰੱਖ ਸਕਿਆ। ਚੀਮਾ ਤੇ ਸਰਬਜੀਤ ਦੋਵੇਂ ਉਸ ਭਾਰਤੀ ਟੀਮ ਦਾ ਹਿੱਸਾ ਸਨ ਜਿਸ ਨੇ ਪਿਛਲੇ ਸਾਲ ਹਾਂਗਜ਼ੂ ਵਿੱਚ ਏਸ਼ਿਆਈ ਖੇਡਾਂ ’ਚ 10 ਮੀਟਰ ਏਅਰ ਪਿਸਟਲ ਟੀਮ ਸੋਨ ਤਗ਼ਮਾ ਜਿੱਤਿਆ ਸੀ।
ਇਸ ਤੋਂ ਪਹਿਲਾਂ ਭਾਰਤੀ ਨਿਸ਼ਾਨੇਬਾਜ਼ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਕੁਆਲੀਫਿਕੇਸ਼ਨ ਗੇੜ ’ਚ ਬਾਹਰ ਹੋ ਗਏ। ਭਾਰਤ ਦੀਆਂ ਦੋ ਜੋੜੀਆਂ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਸਨ। ਰਮਿਤਾ ਤੇ ਅਰਜੁਨ ਬਬੂਤਾ 628.7 ਦੇ ਕੁੱਲ ਸਕੋਰ ਨਾਲ ਛੇਵੇਂ, ਜਦਕਿ ਇਲਾਵੇਨਿਲ ਵਲਾਰਿਵਨ ਤੇ ਸੰਦੀਪ ਸਿੰਘ 626.3 ਦੇ ਕੁੱਲ ਸਕੋਰ ਨਾਲ 12ਵੇਂ ਸਥਾਨ ’ਤੇ ਰਹੇ। ਰਮਿਤਾ ਤੇ ਅਰਜੁਨ ਦੀ ਜੋੜੀ ਨੇ ਇਕ ਸਮੇਂ ਆਸ ਬਣਾਈ ਸੀ। ਇਹ ਭਾਰਤੀ ਜੋੜੀ ਤਿੰਨ ਸ਼ਾਟ ਬਾਕੀ ਰਹਿੰਦੇ ਹੋਏ ਪੰਜਵੇਂ ਸਥਾਨ ’ਤੇ ਸੀ ਪਰ ਅਖ਼ੀਰ ਵਿੱਚ ਤਗ਼ਮਾ ਗੇੜ ਦੇ ਕੱਟ ਆਫ ਤੋਂ 1.0 ਅੰਕ ਪਿੱਛੇ ਰਹਿ ਗਈ। ਅਰਜੁਨ ਨੇ ਦੂਜੀ ਲੜੀ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 10.2, 10.7, 10.3, 10.1 ਦਾ ਸਕੋਰ ਬਣਾਇਆ। ਇਸ ਨਾਲ ਇਹ ਜੋੜੀ ਸਿਖਰਲੇ ਅੱਠ ’ਚ ਤਾਂ ਪਹੁੰਚ ਗਈ ਪਰ ਤਗ਼ਮਾ ਗੇੜ ’ਚ ਜਗ੍ਹਾ ਬਣਾਉਣ ਲਈ ਇਹ ਸਕੋਰ ਕਾਫੀ ਨਹੀਂ ਸੀ। ਤਗ਼ਮਾ ਗੇੜ ’ਚ ਪਹੁੰਚਣ ਲਈ ਸਿਖਰਲੇ ਚਾਰ ’ਚ ਜਗ੍ਹਾ ਬਣਾਉਣਾ ਜ਼ਰੂਰੀ ਸੀ। ਚੀਨ, ਕੋਰੀਆ ਤੇ ਕਜ਼ਾਖਸਤਾਨ ਦੀਆਂ ਟੀਮਾਂ ਕੁਆਲੀਫਿਕੇਸ਼ਨ ਗੇੜ ’ਚ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ। -ਪੀਟੀਆਈ