ਸਮਸਤੀਪੁਰ (ਬਿਹਾਰ), 27 ਜੁਲਾਈ
ਬਿਹਾਰ ਵਿੱਚ ਇੱਕ ਰੇਲਗੱਡੀ ਵਿੱਚ ਸਵਾਰ ਇੱਕ ਵਿਅਕਤੀ ਦੀ ਰੇਲਵੇ ਪੁਲੀਸ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀਆਂ ਆਂਦਰਾਂ ਬਾਹਰ ਆ ਗਈਆਂ। ਇਸ ਵਿਅਕਤੀ ਨੇ ਹਾਲ ਹੀ ਵਿੱਚ ਢਿੱਡ ਦਾ ਅਪਰੇਸ਼ਨ ਕਰਵਾਇਆ ਸੀ ਤੇ ਇਸ ਕੁੱਟਮਾਰ ਦੌਰਾਨ ਉਸ ਦੇ ਟਾਂਕੇ ਫਟ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਸ਼ਾਮ ਨੂੰ ਵਾਪਰੀ ਜਦੋਂ ਮੁੰਬਈ ਜਾ ਰਹੀ ਕਰਮਭੂਮੀ ਐਕਸਪ੍ਰੈਸ ਜਨਕਪੁਰ ਰੇਲਵੇ ਸਟੇਸ਼ਨ ’ਤੇ ਪਹੁੰਚੀ ਅਤੇ ਯਾਤਰੀਆਂ ਦੇ ਦੋ ਸਮੂਹਾਂ ਵਿੱਚ ਰੇਲਗੱਡੀ ਵਿੱਚ ਸੀਟਾਂ ਨੂੰ ਲੈ ਕੇ ਬਹਿਸ ਤੋਂ ਬਾਅਦ ਤਕਰਾਰ ਹੋ ਗਈ, ਜਿਸ ਕਾਰਨ ਜੀਆਰਪੀ ਕਰਮਚਾਰੀਆਂ ਨੂੰ ਦਖਲ ਦੇਣਾ ਪਿਆ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਦੀ ਪਛਾਣ ਮੁਹੰਮਦ ਫੁਰਕਾਨ ਵਜੋਂ ਹੋਈ ਹੈ, ਜਿਸ ਦਾ ਕੁਝ ਦਿਨ ਪਹਿਲਾਂ ਅਪਰੇਸ਼ਨ ਹੋਇਆ ਸੀ। ਚਸ਼ਮਦੀਦਾਂ ਨੇ ਦੋਸ਼ ਲਾਇਆ ਕਿ ਜੀਆਰਪੀ ਦੇ ਜਵਾਨਾਂ ਨੇ ਯਾਤਰੀਆਂ ਨੂੰ ਖਿੰਡਾਉਣ ਲਈ ਡੰਡੇ ਮਾਰੇ ਤੇ ਇੱਕ ਸਿਪਾਹੀ ਨੇ ਫੁਰਕਾਨ ਦੇ ਢਿੱਡ ਵਿਚ ਡੰਡੇ ਮਾਰੇ ਜਿਸ ਨਾਲ ਉਸ ਦੀਆਂ ਆਂਦਰਾਂ ਬਾਹਰ ਨਿਕਲ ਗਈਆਂ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੀਆਰਪੀ ਅਧਿਕਾਰੀਆਂ ਨੇ ਘਟਨਾ ਤੋਂ ਬਾਅਦ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।