ਗੁਰਬਖਸ਼ਪੁਰੀ
ਤਰਨ ਤਾਰਨ, 27 ਜੁਲਾਈ
ਤਰਨ ਤਾਰਨ ਰੋਡਵੇਜ਼ ਦੇ ਦੋ ਮੁਲਾਜ਼ਮਾਂ ਦਰਮਿਆਨ ਅੱਜ ਰੋਡਵੇਜ਼ ਦੀ ਵਰਕਸ਼ਾਪ ਅੰਦਰ ਲੜਾਈ ਹੋਈ। ਇਸ ਦੌਰਾਨ ਦੋ ਜਣੇ ਘਸੁੰਨ-ਮੁੱਕੀ ਹੋਈ ਤੇ ਦੋਹਾਂ ਨੇ ਇਕ ਦੂਸਰੇ ਦੀਆਂ ਪੱਗਾਂ ਉਤਾਰ ਦਿੱਤੀਆਂ। ਇਹ ਤਕਰਾਰ ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ ਤੱਕ ਜਾਣ ਵਾਲੀ ਬੱਸ ਲਈ ਡਰਾਈਵਰ ਵਲੋਂ ਆਪਣੀ ਮਨਪਸੰਦ ਦਾ ਕੰਡਕਟਰ ਲਗਾਉਣ ਤੋਂ ਸ਼ੁਰੂ ਹੋਇਆ ਜਿਸ ਦਾ ਉਸ ਦੇ ਵਿਰੋਧੀ ਮੁਲਾਜ਼ਮ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਮਾਮਲਾ ਭਖ ਗਿਆ। ਇਸੇ ਕਰਕੇ ਹੀ ਗੋਇੰਦਵਾਲ ਸਾਹਿਬ ਬੱਸ ਦਾ ਟਾਈਮ ਮਿਸ ਹੋ ਗਿਆ। ਮਾਮਲੇ ਦਾ ਦਿਲਚਸਪ ਪਹਿਲੂ ਇਹ ਰਿਹਾ ਕਿ ਝਗੜਾ ਕਰਨ ਵਾਲੇ ਦੋਵੇਂ ਜਣੇ ਸਰਕਾਰ ਖਿਲਾਫ਼ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰਦੀ ਜਥੇਬੰਦੀ ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤਰਨ ਤਾਰਨ ਡਿਪੂ ਦੇ ਸਿਖਰਲੇ ਆਗੂ ਹਨ ਜਿਸ ਕਰਕੇ ਡਿਪੂ ਅੰਦਰ ਉਨ੍ਹਾਂ ਦੀ ਆਪਣੀ ਮਨਮਰਜ਼ੀ ਦੇ ਕੰਮ ਕਰਵਾਉਣ ਵਿੱਚ ਤੂਤੀ ਬੋਲਦੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਡਿਪੂ ਵਿੱਚ ਲਗਾਤਾਰ ਕੰਡਕਟਰ ਲੱਗਣ ਲਈ ਮੁਲਾਜ਼ਮਾਂ ਅੰਦਰ ਹੋੜ ਲੱਗੀ ਰਹਿੰਦੀ ਹੈ ਕਿਉਂਕਿ ਕੰਡਕਟਰ ਲੱਗ ਕੇ ਘੱਟੋ ਘੱਟ 1000 ਰੁਪਏ ਪ੍ਰਤੀ ਦਿਨ ਤਾਂ ਬਾਹਰੋ-ਬਾਹਰ ਬਣ ਹੀ ਜਾਂਦੇ ਹਨ, ਦੂਜੇ ਪਾਸੇ ਸਰਕਾਰ ਦੀਆਂ ਨਿਗੂਣੀਆਂ ਤਨਖਾਹਾਂ ਨਾਲ ਤਾਂ ਘਰ ਦਾ ਚੁੱਲ੍ਹਾ ਨਹੀਂ ਚਲ ਸਕਦਾ। ਇਸ ਮੌਕੇ ਥਾਣਾ ਸਿਟੀ ਦੀ ਬੱਸ ਅੱਡਾ ਪੁਲੀਸ ਚੌਕੀ ਤੋਂ ਪੁਲੀਸ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨਹੀਂ ਆਈ। ਡਿਪੂ ਦੇ ਜਨਰਲ ਮੈਨੇਜਰ ਜਸਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸਾਰੀ ਜਾਣਕਾਰੀ ਡਿਊਟੀ ਇੰਸਪੈਕਟਰ ਤੋਂ ਪਹਿਲਾਂ ਹੀ ਮਿਲ ਚੁੱਕੀ ਹੈ ਜਿਸ ਦੀ ਜਾਂਚ ਕਰਵਾ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।