ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 27 ਜੁਲਾਈ
ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਰ੍ਹੇ ਦੇ ਕੇਂਦਰੀ ਬਜਟ ਵਿਚ ਪੰਜਾਬ ਨੂੰ ਅਣਗੌਲਿਆਂ ਕਰਨ ਲਈ ਭਾਜਪਾ ਦੀ ਵਿਤਕਰੇਬਾਜ਼ੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੇਂਦਰ ਨਾਲ ਬੇਲੋੜਾ ਟਕਰਾਅ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿਤੀ ਕਿ ਉਹ ਕੇਂਦਰ ਤੋਂ ਫੰਡ ਰਿਲੀਜ਼ ਕਰਾਉਣ ਤੇ ਬਜਟ ਵਿਚ ਪੰਜਾਬ ਦਾ ਬਣਦਾ ਹਿੱਸਾ ਲੈਣ ਲਈ ਤੁਰੰਤ ਸਰਬ ਪਾਰਟੀ ਮੀਟਿੰਗ ਸੱਦਣ ਤਾਂ ਜੋ ਸਾਂਝਾ ਪ੍ਰੋਗਰਾਮ ਉਲੀਕ ਕੇ ਕੇਂਦਰ ’ਤੇ ਦਬਾਅ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਪੰਜਾਬ ਨਾਲ ਵਿਤਕਰਾ ਸਾਰੀਆਂ ਹੱਦਾਂ-ਬੰਨ੍ਹੇ ਟੱਪ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿਚ ਪੰਜਾਬ ਨੂੰ ਇੱਕ ਪੈਸੇ ਦੀ ਇਮਦਾਦ ਨਹੀਂ ਦਿੱਤੀ ਗਈ ਹੈ। ਸ੍ਰੀ ਸਿੱਧੂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨ ਸੰਘਰਸ਼ ਦੌਰਾਨ ਹੋਈ ਆਪਣੀ ਹਾਰ ਦਾ ਬਦਲਾ ਲੈਣ ਦੇ ਰਾਹ ਤੁਰ ਪਏ ਹਨ।