ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 27 ਜੁਲਾਈ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਪੁਲੀਸ ਫੋਰਸ ਦੀ ਮਦਦ ਨਾਲ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜੇ ਸਰਕਾਰੀ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ। ਇਸ ਦੌਰਾਨ ਕਰੀਬ 800 ਝੁੱਗੀਆਂ ’ਤੇ ਬੁਲਡੋਜ਼ਰ ਚਲਾ ਕੇ ਮੁਹਾਲੀ ਏਅਰਪੋਰਟ ਸੜਕ ਦੇ ਬਿਲਕੁਲ ਨਾਲ ਲਗਦੀ ਬਹੁ-ਕਰੋੜੀ ਸਰਕਾਰੀ ਜ਼ਮੀਨ ਖਾਲੀ ਕਰਵਾਈ ਗਈ। ਗਮਾਡਾ ਦੀ ਇਸ ਕਾਰਵਾਈ ਦੌਰਾਨ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸ ਜ਼ਮੀਨ ’ਤੇ ਰਾਜਸਥਾਨ ਅਤੇ ਯੂਪੀ, ਬਿਹਾਰ ਨਾਲ ਸਬੰਧਤ ਪਰਵਾਸੀ ਮਜ਼ਦੂਰਾਂ ਨੇ ਝੁੱਗੀਆਂ ਪਾਈਆਂ ਹੋਈਆਂ ਸਨ। ਜ਼ਿਕਰਯੋਗ ਹੈ ਕਿ ਕਈ ਦਿਨ ਪਹਿਲਾਂ ਡੀਐੱਸਪੀ ਬੱਲ ਨੇ ਮਜ਼ਦੂਰਾਂ ਨੂੰ ਸਰਕਾਰੀ ਜ਼ਮੀਨ ਖਾਲੀ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਨੇ ਪ੍ਰਸ਼ਾਸਨ ਦੀ ਇੱਕ ਨਹੀਂ ਸੁਣੀ। ਇਸ ਜ਼ਮੀਨ ’ਤੇ ਕਈਆਂ ਨੇ ਤਾਂ ਲੈਂਟਰ ਵੀ ਪਾ ਰੱਖੇ ਸਨ ਜਿਨ੍ਹਾਂ ਨੂੰ ਅੱਜ ਗਮਾਡਾ ਨੇ ਜੇਸੀਬੀ ਮਸ਼ੀਨ ਨਾਲ ਤੋੜ ਦਿੱਤਾ ਜਦੋਂਕਿ ਮਜ਼ਦੂਰਾਂ ਦਾ ਸਾਮਾਨ ਪਿੰਡ ਵਾਸੀਆਂ ਨੇ ਟਰਾਲੀਆਂ ਵਿੱਚ ਲੱਦ ਕੇ ਮਜ਼ਦੂਰਾਂ ਦੇ ਦੱਸੇ ਸਥਾਨ ’ਤੇ ਪੁੱਜਦਾ ਕੀਤਾ।
ਡੀਐੱਸਪੀ ਸ੍ਰੀ ਬੱਲ ਨੇ ਦੱਸਿਆ ਕਿ ਉਕਤ ਸਰਕਾਰੀ ਜ਼ਮੀਨ ’ਤੇ ਬਣੀਆਂ ਝੁੱਗੀਆਂ ਸਮਾਜ ਵਿਰੋਧੀ ਅਨਸਰਾਂ ਦੀ ਪਨਾਹਗਾਹ ਬਣੀ ਹੋਈ ਸੀ ਅਤੇ ਇੱਥੇ ਸ਼ਰ੍ਹੇਆਮ ਨਸ਼ਾ ਵਿਕਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਪੁਲੀਸ ਅਨੁਸਾਰ ਸਮਾਜ ਵਿਰੋਧੀ ਅਨਸਰ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਅਜਿਹੀਆਂ ਝੁੱਗੀਆਂ ਵਿੱਚ ਛੁਪ ਜਾਂਦੇ ਸਨ। ਝੁੱਗੀਆਂ ਵਿੱਚ ਰਹਿੰਦੇ ਲੋਕਾਂ ਨੂੰ ਇਹ ਜ਼ਮੀਨ ਖਾਲੀ ਕਰਨ ਲਈ ਨੋਟਿਸ ਦਿੱਤਾ ਗਿਆ ਸੀ ਪਰ ਮਜ਼ਦੂਰਾਂ ਨੇ ਨੋਟਿਸ ਦੀ ਕੋਈ ਪ੍ਰਵਾਹ ਨਹੀਂ ਕੀਤੀ। ਇਸ ਲਈ ਗਮਾਡਾ ਅਤੇ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਇਸ ਵਿੱਚ ਪਿੰਡ ਵਾਸੀਆਂ ਨੇ ਵੀ ਸਹਿਯੋਗ ਦਿੱਤਾ। ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ਾ ਹਟਾਉਣ ਤੋਂ ਬਾਅਦ ਜ਼ਮੀਨ ਨੂੰ ਪੱਧਰਾ ਕਰ ਦਿੱਤਾ ਹੈ। ਕੌਂਸਲਰ ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਇਨ੍ਹਾਂ ਝੁੱਗੀਆਂ ਵਿੱਚ ਕੁੱਝ ਵਿਅਕਤੀ ਸ਼ਰ੍ਹੇਆਮ ਨਸ਼ਾ ਵੇਚ ਰਹੇ ਸਨ ਅਤੇ ਇਹ ਥਾਂ ਨਸ਼ੇੜੀਆਂ ਦਾ ਅੱਡਾ ਬਣਦੀ ਜਾ ਰਹੀ ਸੀ। ਇਸ ਲਈ ਪਿੰਡ ਵਾਸੀ ਕਾਫ਼ੀ ਔਖੇ ਸਨ ਅਤੇ ਉਹ ਕਾਫ਼ੀ ਸਮੇਂ ਤੋਂ ਇੱਥੋਂ ਝੁੱਗੀਆਂ ਹਟਾਉਣ ਦੀ ਮੰਗ ਕਰਦੇ ਆ ਰਹੇ ਸਨ। ਉਧਰ, ਸੋਹਾਣਾ ਥਾਣਾ ਦੇ ਐੱਸਐੱਚਓ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਵਾਲੀ ਟੀਮ ਨੇ ਨਸ਼ਾ ਵੇਚਣ ਦੇ ਦੋਸ਼ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।