ਨਵੀਂ ਦਿੱਲੀ/ਸ੍ਰੀਨਗਰ, 27 ਜੁਲਾਈ
ਭਾਰਤੀ ਸੈਨਾ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕਮਕਾਰੀ ਸੈਕਟਰ ’ਚ ਅੱਜ ਪਾਕਿਸਤਾਨ ਦੀ ‘ਬਾਰਡਰ ਐਕਸ਼ਨ ਟੀਮ’ (ਬੈਟ) ਦਾ ਹਮਲਾ ਨਾਕਾਮ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਹੋਏ ਮੁਕਾਬਲੇ ’ਚ ਸੈਨਾ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਅਤੇ ਇੱਕ ਕੈਪਟਨ ਸਣੇ ਚਾਰ ਹੋਰ ਜਵਾਨ ਜ਼ਖ਼ਮੀ ਹੋ ਗਏ।
ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ’ਚ ਇੱਕ ਪਾਕਿਸਤਾਨੀ ਘੁਸਪੈਠੀਆ ਵੀ ਮਾਰਿਆ ਗਿਆ। ‘ਬੈਟ’ ਵਿੱਚ ਆਮ ਤੌਰ ’ਤੇ ਪਾਕਿਸਤਾਨੀ ਸੈਨਾ ਦੇ ਵਿਸ਼ੇਸ਼ ਦਸਤੇ ਦੇ ਜਵਾਨ ਤੇ ਅਤਿਵਾਦੀ ਸ਼ਾਮਲ ਹੁੰਦੇ ਹਨ। ਇੱਕ ਸੂਤਰ ਨੇ ਦੱਸਿਆ, ‘ਭਾਰਤੀ ਸੈਨਾ ਦੇ ਚੌਕਸ ਜਵਾਨਾਂ ਨੇ ਅੱਜ ਸਵੇਰੇ ਕਮਕਾਰੀ ਸੈਕਟਰ ’ਚ ‘ਬਾਰਡਰ ਐਕਸ਼ਨ ਟੀਮ’ ਦਾ ਹਮਲਾ ਨਾਕਾਮ ਕਰ ਦਿੱਤਾ। ਮੁਕਾਬਲੇ ’ਚ ਇੱਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ।’ ਸੂਤਰਾਂ ਨੇ ਦੱਸਿਆ ਕਿ ਘੰਟਿਆਂ ਤੱਕ ਹੋਈ ਭਿਆਨਕ ਗੋਲੀਬਾਰੀ ਵਿਚਾਲੇ ਦੋ ਘੁਸਪੈਠੀਏ ਮਕਬੂਜ਼ਾ ਕਸ਼ਮੀਰ ਭੱਜ ਗਏ। ਉਨ੍ਹਾਂ ਦੱਸਿਆ ਕਿ ਤਿੰਨ ਘੁਸਪੈਠੀਆਂ ਦੇ ਸਮੂਹ ਨੇ ਉੱਤਰੀ ਕਸ਼ਮੀਰ ਦੇ ਇਸ ਜ਼ਿਲ੍ਹੇ ਦੇ ਤ੍ਰੇਹਗਾਮ ਸੈਕਟਰ ’ਚ ਕੁਮਕੜੀ ਚੌਕੀ ਨੇੜੇ ਮੂਹਰਲੀ ਚੌਕੀ ’ਤੇ ਗ੍ਰਨੇਡ ਸੁੱਟਿਆ ਤੇ ਗੋਲੀਬਾਰੀ ਕੀਤੀ। ਸੂਤਰਾਂ ਅਨੁਸਾਰ ਭਾਰਤੀ ਫੌਜੀਆਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਮਗਰੋਂ ਦੋਵਾਂ ਧਿਰਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਕਾਬਲੇ ’ਚ ਪੰਜ ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ’ਚੋਂ ਇੱਕ ਨੇ ਬਾਅਦ ਵਿੱਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਇੱਕ ਕੈਪਟਨ ਸਣੇ ਜ਼ਖ਼ਮੀ ਹੋਏ ਚਾਰ ਸੁਰੱਖਿਆ ਕਰਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜ਼ਖ਼ਮੀ ਸੈਨਿਕਾਂ ’ਚੋਂ ਇੱਕ ਦੀ ਹਾਲਤ ਗੰਭੀਰ ਹੈ। -ਪੀਟੀਆਈ
ਉੜੀਸਾ ਤੋਂ ਬੀਐੱਸਐੱਫ ਦੀਆਂ ਦੋ ਬਟਾਲੀਅਨਾਂ ਜੰਮੂ ਭੇਜੀਆਂ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਉੜੀਸਾ ਤੋਂ ਦੋ ਹਜ਼ਾਰ ਤੋਂ ਵੱਧ ਜਵਾਨਾਂ ਵਾਲੀਆਂ ਬੀਐੱਸਐੱਫ ਦੀਆਂ ਦੋ ਬਟਾਲੀਅਨਾਂ ਭਾਰਤ-ਪਾਕਿਸਤਾਨ ਸਰਹੱਦ ’ਤੇ ਅਤਿਵਾਦ ਤੋਂ ਪ੍ਰਭਾਵਿਤ ਜੰਮੂ ਖੇਤਰ ’ਚ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਉੱਥੇ ਸੁਰੱਖਿਆ ਵਧਾਈ ਜਾ ਸਕੇ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਮੂ ਖੇਤਰ ’ਚ ਹਾਲ ਹੀ ਵਿੱਚ ਹੋਏ ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਦੋਵੇਂ ਇਕਾਈਆਂ ਨਕਸਲ ਵਿਰੋਧੀ ਮੁਹਿੰਮ ਤੋਂ ਤੁਰੰਤ ਜੰਮੂ ਤਬਦੀਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਦੀਆਂ ਇਨ੍ਹਾਂ ਦੋਵਾਂ ਇਕਾਈਆਂ ਨੂੰ ਜੰਮੂ ਖੇਤਰ ’ਚ ਕੌਮਾਂਤਰੀ ਸਰਹੱਦ ਤੋਂ ਪਹਿਲਾਂ ਤੋਂ ਹੀ ਮੂਹਰਲੀ ਕਤਾਰ ’ਚ ਤਾਇਨਾਤ ਬੀਐੱਸਐੱਫ ਦੀਆਂ ਇਕਾਈਆਂ ਪਿੱਛੇ ਰੱਖਿਆ ਦੀ ਦੂਜੀ ਕਤਾਰ ਵਜੋਂ ਤਾਇਨਾਤ ਕੀਤਾ ਜਾਵੇਗਾ। -ਪੀਟੀਆਈ