ਵਿਅਨਤਿਆਨੇ (ਲਾਓਸ), 27 ਜੁਲਾਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਦੱਖਣੀ ਚੀਨ ਸਾਗਰ ਤੋਂ ਗੁਜ਼ਰਨ ਵਾਲੀ ਸਮੁੰਦਰੀ ਸੰਚਾਰ ਲਾਈਨ ਹਿੰਦ-ਪ੍ਰਸ਼ਾਂਤ ਖ਼ਿੱਤੇ ਦੀ ਸ਼ਾਂਤੀ ਅਤੇ ਸਥਿਰਤਾ ਲਈ ਅਹਿਮ ਹੈ। ਉਨ੍ਹਾਂ ਨੇ ਇਸ ਲਾਈਨ ਨੂੰ ਸੁਰੱਖਿਅਤ ਰੱਖਣ ਲਈ ਪੁਖ਼ਤਾ ਅਤੇ ਅਸਰਅੰਦਾਜ਼ ਜ਼ਾਬਤੇ ਦਾ ਸੱਦਾ ਦਿੱਤਾ। ਲਾਓਸ ਦੀ ਰਾਜਧਾਨੀ ਵਿਅਨਤਿਆਨੇ ਵਿੱਚ 14ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ (ਈਏਐੱਸ) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਈਏਐਸ ਪ੍ਰਕਿਰਿਆ ਅਗਲੇ ਸਾਲ ਦੋ ਦਹਾਕੇ ਪੂਰੀ ਕਰ ਲਵੇਗੀ ਅਤੇ ਭਾਰਤ ਈਏਐੱਸ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ‘ਐਕਟ ਈਸਟ’ ਨੀਤੀ ਰਾਹੀਂ ਆਸੀਆਨ ਦੀ ਏਕਤਾ ਅਤੇ ਉਸ ਦੇ ਕੇਂਦਰੀਕਰਨ ਨੂੰ ਕਾਇਮ ਰੱਖੇਗਾ। ਸਮੁੰਦਰੀ ਮਾਰਗਾਂ ਦੀ ਸੁਰੱਖਿਆ ਬਾਰੇ ਗੱਲ ਕਰਦਿਆਂ ਜੈਸ਼ੰਕਰ ਨੇ ਕਿਹਾ, ‘‘ਦੱਖਣੀ ਚੀਨ ਸਾਗਰ ਤੋਂ ਗੁਜ਼ਰਨ ਵਾਲੀ ਸਮੁੰਦਰੀ ਸੰਚਾਰ ਲਾਈਨ (ਐੱਸਐੱਲਓਸੀ) ਹਿੰਦ-ਪ੍ਰਸ਼ਾਂਤ ਖ਼ਿੱਤੇ ਦੀ ਸ਼ਾਂਤੀ, ਸਥਿਰਤਾ, ਖੁਸ਼ਹਾਲੀ ਅਤੇ ਵਿਕਾਸ ਲਈ ਮਹੱਤਵਪੂਰਨ ਹੈ।’’ ਉਨ੍ਹਾਂ ਕਿਹਾ ਕਿ ਜ਼ਾਬਤਾ ਪੁਖ਼ਤਾ, ਅਸਰਅੰਦਾਜ਼ ਅਤੇ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਵਾਲਾ ਹੋਣਾ ਚਾਹੀਦਾ ਹੈ। ਜੈਸ਼ੰਕਰ ਦਾ ਇਹ ਬਿਆਨ ਅਹਿਮੀਅਤ ਰਖਦਾ ਹੈ ਕਿਉਂਕਿ ਉਨ੍ਹਾਂ ਦੀ ਚੀਨੀ ਹਮਰੁਤਬਾ ਵਾਂਗ ਯੀ ਵੀ ਸੰਮੇਲਨ ’ਚ ਹਿੱਸਾ ਲੈ ਰਹੇ ਹਨ। ਹਿੰਦ-ਪ੍ਰਸ਼ਾਂਤ ਖ਼ਿੱਤੇ ਵਿੱਚ ਵਸੀਲਿਆਂ ਪੱਖੋਂ ਅਹਿਮ ਦੱਖਣੀ ਚੀਨ ਸਾਗਰ ਨੂੰ ਆਲਮੀ ਟਕਰਾਅ ਦੇ ਕੇਂਦਰ ਵਜੋਂ ਦੇਖਿਆ ਜਾਂਦਾ ਹੈ। ਮੀਟਿੰਗ ਦੌਰਾਨ ਜੈਸ਼ੰਕਰ ਨੇ ਗਾਜ਼ਾ ਵਿੱਚ ਤਣਾਅ ਘਟਾਉਣ ਅਤੇ ਸੰਜਮ ਵਰਤਣ ਦਾ ਵੀ ਸੱਦਾ ਦਿੱਤਾ। ਜੈਸ਼ੰਕਰ ਨੇ ਕਿਹਾ, ‘‘ਭਾਰਤ ਵੱਲੋਂ ਫਲਸਤੀਨ ਦੇ ਲੋਕਾਂ ਨੂੰ ਸਹਾਇਤਾ ਜਾਰੀ ਹੈ। ਲਾਲ ਸਾਗਰ ਵਿੱਚ ਵਣਜ ਵਾਲੇ ਬੇੜਿਆਂ ’ਤੇ ਹਮਲੇ ਚਿੰਤਾਜਨਕ ਹਨ। ਭਾਰਤ ਸਮੁੰਦਰੀ ਬੇੜਿਆਂ ਦੀ ਸੁਰੱਖਿਆ ਯਕੀਨੀ ਬਣਾਉਣ ’ਚ ਯੋਗਦਾਨ ਪਾ ਰਿਹਾ ਹੈ। ਯੂਕਰੇਨ ’ਚ ਜੰਗ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਦੇ ਹੱਲ ਲਈ ਵਾਰਤਾ ਅਤੇ ਕੂਟਨੀਤੀ ਦਾ ਸੁਝਾਅ ਦਿੱਤਾ ਹੈ। -ਪੀਟੀਆਈ
ਲਾਓਸ ਨੇ ਭਗਵਾਨ ਰਾਮ ਬਾਰੇ ਟਿਕਟ ਜਾਰੀ ਕੀਤੀ
ਨਵੀਂ ਦਿੱਲੀ (ਟਨਸ): ਦੱਖਣ-ਪੂਰਬੀ ਏਸ਼ਿਆਈ ਮੁਲਕ ਲਾਓਸ ਨੇ ਭਗਵਾਨ ਰਾਮ ਬਾਰੇ ਇਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਹੈ। ਇਹ ਦੁਨੀਆ ਦੀ ਪਹਿਲੀ ਡਾਕ ਟਿਕਟ ਹੈ ਜਿਸ ’ਚ ‘ਅਯੁੱਧਿਆ ਦੇ ਰਾਮ ਲੱਲਾ’ ਉਕਰਿਆ ਗਿਆ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਲਾਓਸ ਦੇ ਹਮਰੁਤਬਾ ਸਲੇਮਐਕਸੇ ਕੋਮਾਸਿਥ ਨੇ ਸ਼ਨਿਚਰਵਾਰ ਨੂੰ ਲਾਓਸ ’ਚ ਸਾਂਝੇ ਤੌਰ ’ਤੇ ਡਾਕ ਟਿਕਟ ਜਾਰੀ ਕੀਤੀ। ਲਾਓਸ ਨੇ ਇਹ ਡਾਕ ਟਿਕਟ ਜਾਰੀ ਕਰਕੇ ਭਾਰਤ ਨਾਲ ਡੂੰਘੇ ਸਬੰਧਾਂ ਨੂੰ ਦਰਸਾਇਆ ਹੈ।