ਨਵੀਂ ਟੀਹਰੀ/ਰੁਦਰਪ੍ਰਯਾਗ, 27 ਜੁਲਾਈ
ਟੀਹਰੀ ਗੜ੍ਹਵਾਲ ਜ਼ਿਲ੍ਹੇ ਦੇ ਬੁਢਾਕੇਦਾਰ ਇਲਾਕੇ ’ਚ ਲਗਾਤਾਰ ਮੀਂਹ ਪੈਣ ਮਗਰੋਂ ਅੱਜ ਇਲਾਕੇ ’ਚ ਢਿੱਗਾਂ ਖਿਸਕਣ ਦੀ ਘਟਨਾ ਵਾਪਰੀ ਜਿਸ ਵਿੱਚ 42 ਸਾਲਾ ਇੱਕ ਮਹਿਲਾ ਤੇ ਉਸ ਦੀ ਨਾਬਾਲਗ ਧੀ ਦੀ ਮੌਤ ਹੋ ਗਈ। ਜ਼ਿਲ੍ਹਾ ਮੈਜਿਸਟਰੇਟ ਮਯੂਰ ਦੀਕਸ਼ਿਤ ਅਨੁਸਾਰ ਟੋਲੀ ਪਿੰਡ ’ਚ ਪੁਲੀਸ ਤੇ ਐੱਸਡੀਆਰਐੱਫ ਦੇ ਮੁਲਾਜ਼ਮਾਂ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਸਰਿਤਾ ਦੇਵੀ ਤੇ 15 ਸਾਲਾ ਅੰਕਿਤਾ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਤੜਕੇ ਭਾਰੀ ਮੀਂਹ ਕਾਰਨ ਇਨ੍ਹਾਂ ਦੇ ਘਰ ਦੀ ਪਿਛਲੀ ਕੰਧ ਢਹਿ ਗਈ ਤੇ ਦੋਵੇਂ ਜਣੀਆਂ ਮਲਬੇ ਹੇਠਾਂ ਦਬ ਗਈਆਂ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਦੋ ਹੋਰ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ।
ਦੂਜੇ ਪਾਸੇ ਧਰਮਗੰਗਾ ਨਦੀ ਦੇ ਤੇਜ਼ ਵਹਾਅ ’ਚ ਤਿੰਨ ਦੁਕਾਨਾਂ ਰੁੜ੍ਹ ਗਈਆਂ ਹਨ। ਇਸ ਤੋਂ ਇਲਾਵਾ ਕਈ ਪੁਲ ਨੁਕਸਾਨੇ ਗਏ ਹਨ, ਸੜਕਾਂ ਟੁੱਟ ਗਈਆਂ ਅਤੇ ਬਿਜਲੀ-ਪਾਣੀ ਦੀ ਸਪਲਾਈ ਪ੍ਰਭਾਵਤ ਹੋਈ ਹੈ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਕਾਰਨ ਇਲਾਕੇ ਦੀਆਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇਸੇ ਦੌਰਾਨ ਸੋਨ ਨਦੀ ’ਚ ਹੜ੍ਹ ਆਉਣ ਕਾਰਨ ਸੋਨਪ੍ਰਯਾਗ-ਕੇਦਾਰਨਾਥ ਮਾਰਗ ਨੁਕਸਾਨਿਆ ਗਿਆ ਹੈ ਜਿਸ ਕਾਰਨ ਇਸ ਮਾਰਗ ’ਤੇ ਆਵਾਜਾਈ ’ਚ ਅੜਿੱਕਾ ਪਿਆ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਫਸਰ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਇਸ ਮਾਰਗ ’ਤੇ ਸੋਨਪ੍ਰਯਾਗ ਪੁਲ ਨੇੜੇ ਆਵਾਜਾਈ ਰੋਕੀ ਗਈ ਹੈ। ਅਲਕਨੰਦਾ, ਮੰਦਾਕਿਨੀ ਨਦੀਆਂ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।
ਉੱਧਰ ਕਰਨਾਟਕ ਦੇ ਕੌਮੀ ਮਾਰਗ-75 ਦੇ ਸ਼ਿਰਡੀ ਘਾਟ ’ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਕਾਰਨ ਰਾਜਮਾਰਗ ’ਤੇ ਮੰਗਲੂਰੂ ਤੇ ਬੰਗਲੂਰੂ ਜਾਣ ਵਾਲੇ ਵਾਹਨ ਘਟਨਾ ਸਥਾਨ ਦੇ ਦੋਵੇਂ ਪਾਸੇ ਫਸ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਟੀਮ ਸੜਕ ਤੋਂ ਮਲਬਾ ਹਟਾਉਣ ’ਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਹ ਸੜਕ ਆਵਾਜਾਈ ਲਈ ਖੋਲ੍ਹ ਦਿੱਤੀ ਜਾਵੇਗੀ। -ਪੀਟੀਆਈ