ਪੱਤਰ ਪ੍ਰੇਰਕ
ਪਾਇਲ, 27 ਜੁਲਾਈ
ਗੁਰਦੁਆਰਾ ਕਰਮਸਰ ਰਾੜਾ ਸਾਹਿਬ ਸੰਪਰਦਾ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਾਤਾਵਰਨ ਬਚਾਉਣ ਲਈ ਪੌਦੇ ਲਾਉਣ ਦੇ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਦੇ ਮੱਦੇਨਜ਼ਰ ਟਾਹਲੀ, ਬੇਰੀ, ਨਿੰਮ ਅਤੇ ਹੋਰ ਵਿਰਾਸਤੀ ਪੌਦੇ ਲਾਉਣ ਦੀ ਸ਼ੁਰੂਆਤ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਅਰਦਾਸ ਕਰਵਾ ਕੇ ਆਰੰਭ ਕੀਤੀ ਗਈ।
ਇਸ ਮੌਕੇ ਹੈੱਡ ਗ੍ਰੰਥੀ ਭਾਈ ਅਜਵਿੰਦਰ ਸਿੰਘ, ਬਾਬਾ ਅਮਰ ਸਿੰਘ ਭੋਰਾ ਸਾਹਿਬ, ਬਾਬਾ ਜਸਵੰਤ ਸਿੰਘ ਲੰਗਰ ਵਾਲੇ, ਕੈਪਟਨ ਰਣਜੀਤ ਸਿੰਘ, ਸੂਬੇਦਾਰ ਚਰਨਜੀਤ ਸਿੰਘ, ਸੁਪਰਵਾਈਜ਼ਰ ਪਰਮਜੀਤ ਸਿੰਘ ਸਮੇਤ ਸਮੁੱਚੀ ਬਾਗ਼ਬਾਨੀ ਟੀਮ, ਮਾਲੀ ਅਤੇ ਗੁਰੂ ਘਰ ਦੇ ਸੇਵਾਦਾਰ ਹਾਜ਼ਰ ਸਨ। ਵਾਤਾਵਰਨ ਪ੍ਰੇਮੀ ਅਤੇ ਟਰੱਸਟੀ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਸੰਤ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਰਾਤਨ ਵਿਰਾਸਤੀ ਦੋ ਹਜ਼ਾਰ ਪੌਦੇ ਲਗਾਉਣ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੰਤਾਂ ਵੱਲੋਂ ਗੁਰੂ ਘਰ ਦੀ ਝਿੜੀ ਵਿੱਚ ਪੁਰਾਤਨ ਅਤੇ ਪੰਜਾਬ ਦੇ ਵਿਰਾਸਤੀ 450 ਰੁੱਖ ਲਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਰਾੜਾ ਸਾਹਿਬ ਅਤੇ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਵਿੱਚ ਸਜਾਵਟੀ ਤੇ ਕੁਦਰਤੀ ਮਾਹੌਲ ਸਿਰਜਣ ਲਈ ਇੱਕ ਨਰਸਰੀ ਵੀ ਵਿਕਸਿਤ ਕੀਤੀ ਗਈ ਹੈ। ਇਸ ਮੌਕੇ ਗੁਰਨਾਮ ਸਿੰਘ ਅੜੈਚਾਂ ਅਤੇ ਮਲਕੀਤ ਸਿੰਘ ਪਨੇਸਰ ਨੇ ਗੁਰਦੁਆਰਾ ਰਾੜਾ ਸਾਹਿਬ ਨੂੰ ਦਰੱਖ਼ਤ ਅਤੇ ਸਹਿਯੋਗ ਦੇਣ ਲਈ ਜੰਗਲਾਤ ਵਿਭਾਗ ਦੇ ਡੀਐੱਫਓ ਰਾਜੇਸ਼ ਗੁਲਾਟੀ ਅਤੇ ਜਸਵੀਰ ਸਿੰਘ ਰਾਏ ਵਣ ਰੇਂਜ ਅਫ਼ਸਰ ਦੋਰਾਹਾ ਸਮੇਤ ਸਾਰੇ ਸਟਾਫ਼ ਦਾ ਧੰਨਵਾਦ ਕੀਤਾ।