ਐੱਨਪੀ ਧਵਨ
ਪਠਾਨਕੋਟ, 27 ਜੁਲਾਈ
ਇੱਥੇ ਰਾਮਲੀਲਾ ਗਰਾਊਂਡ ਅੱਗੇ ਵਾਰਡ ਨੰਬਰ-15 ਘਰਥੋਲੀ ਮੁਹੱਲੇ ਵਿੱਚ ਸੀਵਰੇਜ ਬਲਾਕ ਹੋਣ ਕਾਰਨ ਵਾਰਡ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਮੁਹੱਲਾ ਵਾਸੀਆਂ ਵਿੱਚ ਨਗਰ ਨਿਗਮ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਵਾਰਡ ਵਾਸੀ ਰਣਜੀਤ ਸਿੰਘ ਪੱਪੂ, ਕਮਲਾ, ਕਾਮਨੀ, ਕ੍ਰਿਸ਼ਨਾ, ਰਾਣੀ, ਪੂਨਮ ਪ੍ਰੇਮਸਾਗਰ, ਗੀਤਿਕਾ, ਪਾਇਲ ਅਗਰਵਾਲ ਆਦਿ ਹਾਜ਼ਰ ਸਨ।
ਸਮੂਹ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਲਗਪਗ ਇੱਕ ਮਹੀਨੇ ਤੋਂ ਵਾਰਡ ਵਿੱਚ ਸੀਵਰੇਜ ਬਲਾਕ ਹੋਣ ਕਾਰਨ ਲੋਕਾਂ ਦਾ ਜੀਉਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਨਗਰ ਨਿਗਮ ਦੇ ਉਚ-ਅਧਿਕਾਰੀਆਂ ਤੋਂ ਲੈ ਕੇ ਸਾਰੇ ਅਧਿਕਾਰੀਆਂ ਨੂੰ ਇਸ ਬਾਰੇ ਵਿੱਚ ਸ਼ਿਕਾਇਤ ਕੀਤੀ ਹੈ ਪਰ ਨਗਰ ਨਿਗਮ ਦੇ ਸਫਾਈ ਕਰਮਚਾਰੀ ਸਿਰਫ ਖਾਨਾਪੂਰਤੀ ਕਰਨ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਜਾਣ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ, ਇੱਥੋਂ ਤੱਕ ਕਿ ਮੁਹੱਲੇ ਦੀ ਸ਼ੁਰੂਆਤ ਵਿੱਚ ਇੱਕ ਮੰਦਰ ਹੈ ਜਿੱਥੇ ਜਾਣ ਲਈ ਇਸ ਗੰਦੇ ਪਾਣੀ ਵਿੱਚ ਲੰਘ ਕੇ ਜਾਣਾ ਪੈਂਦਾ ਹੈ। ਕੁੱਝ ਲੋਕ ਮੰਦਰ ਜਾਣਾ ਵੀ ਬੰਦ ਕਰ ਗਏ ਹਨ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਨਾਲ ਡੇਂਗੂ ਫੈਲਣ ਅਤੇ ਹੋਰ ਬੀਮਾਰੀਆਂ ਦੇ ਫੈਲਣ ਦਾ ਵੀ ਖਤਰਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ। ਹੱਲ ਨਾ ਹੋਣ ’ਤੇ ਉਨ੍ਹਾਂ ਸੰਘਰਸ਼ ਵਿੱਢਣ ਦਾ ਵੀ ਐਲਾਨ ਕੀਤਾ।