ਪੱਤਰ ਪ੍ਰੇਰਕ
ਜਲੰਧਰ, 27 ਜੁਲਾਈ
ਨੂਰਮਹਿਲ ਨੇੜਲੇ ਪਿੰਡ ਪਾਸਲਾ ਵਿੱਚ ਇੱਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੁਖਵਿੰਦਰ ਪਾਲ (50) ਪੁੱਤਰ ਤਰਸੇਮ ਲਾਲ ਵਾਸੀ ਫਗਵਾੜਾ ਵਜੋਂ ਹੋਈ ਹੈ। ਫਿਲਹਾਲ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਨੂਰਮਹਿਲ ਦੀ ਪੁਲੀਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਬੰਧਤ ਵਿਅਕਤੀ ਨੇ ਖੁਦਕੁਸ਼ੀ ਕਿਉਂ ਕੀਤੀ। ਇਸ ਦੇ ਨਾਲ ਹੀ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਸੁਖਵਿੰਦਰ ਦਾ ਕਤਲ ਕੀਤਾ ਗਿਆ ਹੈ।
ਹੁਣ ਪੁਲੀਸ ਦੋਵਾਂ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ ਵਾਪਰੀ। ਪਿੰਡ ਪਾਸਲਾ ’ਚ ਜਦੋਂ ਇੱਕ ਵਿਅਕਤੀ ਪਿੰਡ ਦੇ ਸ਼ਮਸ਼ਾਨਘਾਟ ਕੋਲ ਪਹੁੰਚਿਆ ਤਾਂ ਉਸ ਨੇ ਸੁਖਵਿੰਦਰ ਪਾਲ ਦੀ ਲਾਸ਼ ਲਟਕਦੀ ਦੇਖੀ। ਇਸ ਮਗਰੋਂ ਘਟਨਾ ਦੀ ਸੂਚਨਾ ਪਿੰਡ ਦੇ ਸਰਪੰਚ ਤੇ ਪੁਲੀਸ ਨੂੰ ਦਿੱਤੀ ਤਾਂ ਥਾਣਾ ਨੂਰਮਹਿਲ ਦੀ ਪੁਲੀਸ ਜਾਂਚ ਲਈ ਮੌਕੇ ’ਤੇ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਇਸ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਨੂਰਮਹਿਲ ਥਾਣੇ ਦੇ ਐੱਸਐੱਚਓ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਖਵਿੰਦਰ ਪਾਲ ਆਪਣੇ ਪਰਿਵਾਰ ਨਾਲ ਪਾਸਲਾ ਪਿੰਡ ਦੇ ਨਾਲ ਲੱਗਦੇ ਪਿੰਡ ਬਹਿਰਾਮ ਵਿੱਚ ਰਹਿੰਦਾ ਸੀ। ਪੁਲੀਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੀ ਪਤਨੀ ਦਾ ਨਾਂ ਸੁਖਦੇਵ ਰਾਣੀ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਉਹ ਲੁਧਿਆਣਾ ਵਿੱਚ ਆਟੋ ਚਲਾਉਂਦਾ ਸੀ।