ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੁਲਾਈ
ਸੂਬੇ ਵਿੱਚ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਦੇ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਸਿਹਤ ਕ੍ਰਾਂਤੀ ਵੱਲ ਇੱਕ ਹੋਰ ਵੱਡਾ ਕਦਮ ਪੁੱਟਿਆ ਜਾ ਰਿਹਾ ਹੈ।
ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਨੂੰ 58 ਨਵੀਆਂ ਐਂਬੂਲੈਂਸਾਂ ਦਿੱਤੀਆਂ ਜਾ ਰਹੀਆਂ ਹਨ। ਨਵੀਆਂ ਐਂਬੂਲੈਂਸਾਂ ਨੂੰ 28 ਜੁਲਾਈ ਦਿਨ ਐਤਵਾਰ ਨੂੰ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ। ਇਨ੍ਹਾਂ ਵਾਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੰਡੀਗੜ੍ਹ ਵਿੱਚ ਸਥਿਤ ਆਪਣੀ ਰਿਹਾਇਸ਼ ਤੋਂ ਦੁਪਹਿਰ 12 ਵਜੇ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਨਵੀਆਂ ਐਂਬੂਲੈਂਸਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਤਾਂ ਜੋ ਮਰੀਜ਼ ਨੂੰ ਐਂਬੂਲੈਂਸ ਵਿੱਚ ਲੋੜੀਂਦੀ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸੜਕੀ ਹਾਦਸਿਆਂ ਦਾ ਸ਼ਿਕਾਰ ਲੋਕਾਂ ਨੂੰ ਛੇਤੀ ਹਸਪਤਾਲ ਪਹੁੰਚਾਉਣ ’ਤੇ ਮੁੱਢਲੀ ਸਹਾਇਤਾ ਦੇਣ ਲਈ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦਾ ਗਠਨ ਕੀਤਾ ਗਿਆ ਹੈ। ਐੱਸਐੱਸਐੱਫ ਵੱਲੋਂ ਸੜਕੀ ਹਾਦਸਿਆਂ ਦੇ ਸ਼ਿਕਾਰ ਹੋਏ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬਣਦੀ ਮਦਦ ਕੀਤੀ ਜਾਂਦੀ ਹੈ, ਉਸੇ ਤਰਜ਼ ’ਤੇ ਨਵੀਂਆਂ ਐਂਬੂਲੈਂਸਾਂ ਵੀ ਲੋਕਾਂ ਲਈ ਵਰਦਾਨ ਸਾਬਤ ਹੋਣਗੀਆਂ। ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਇਕ ਹਜ਼ਾਰ ਦੇ ਕਰੀਬ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿੱਥੇ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।