ਹਤਿੰਦਰ ਮਹਿਤਾ
ਜਲੰਧਰ, 27 ਜੁਲਾਈ
ਪਿਛਲੇ ਸੱਤ ਸਾਲਾਂ ਤੋਂ ਲਟਕ ਰਹੇ ਮਹੱਤਵਪੂਰਨ ਜਲੰਧਰ-ਹੁਸ਼ਿਆਰਪੁਰ ਚਹੁੰ- ਮਾਰਗੀ ਪ੍ਰਾਜੈਕਟ ਦੇ ਮੁੜ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਬਣਨ ਲੱਗੀਆਂ ਹਨ। ਲੋਕ ਨਿਰਮਾਣ ਵਿਭਾਗ ਨੇ ਇਸ ਪ੍ਰਾਜੈਕਟ ਦੇ ਸਭ ਤੋਂ ਵੱਡੇ ਆਦਮਪੁਰ ਫਲਾਈਓਵਰ ਦੀ ਉਸਾਰੀ ਨੂੰ ਮੁੜ ਸ਼ੁਰੂ ਕਰਨ ਲਈ ਜ਼ਰੂਰੀ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਐਕੁਆਇਰ ਕੀਤੀ ਜ਼ਮੀਨ ’ਤੇ ਕਬਜ਼ੇ ਹਟਾਉਣ ਜਾਂ ਢਾਹੁਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸੌ ਤੋਂ ਵੱਧ ਇਮਾਰਤਾਂ ਨੂੰ ਢਾਹਿਆ ਜਾਵੇਗਾ। ਫਲਾਈਓਵਰ ਦੇ ਦੋਵੇਂ ਪਾਸੇ 0.8 ਹੈਕਟੇਅਰ ਜ਼ਮੀਨ ਐਕੁਆਇਰ ਕੀਤੀ ਗਈ ਹੈ, ਜਿੱਥੇ ਸਰਵਿਸ ਲੇਨ ਬਣਾਈਆਂ ਜਾਣਗੀਆਂ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਵੇਕ ਦੁਰੇਜਾ ਨੇ ਪੁਸ਼ਟੀ ਕੀਤੀ ਹੈ ਕਿ ਫਲਾਈਓਵਰ ਦੇ ਨਿਰਮਾਣ ਲਈ ਜ਼ਮੀਨ ਐਕੁਆਇਰ ਕਰ ਲਈ ਗਈ ਹੈ। 3.125 ਕਿੱਲੋਮੀਟਰ ਲੰਬੇ ਇਸ ਪ੍ਰਾਜੈਕਟ ਨੂੰ 23 ਅਕਤੂਬਰ 2017 ਨੂੰ ਸ਼ੁਰੂ ਕੀਤਾ ਗਿਆ ਸੀ ਤੇ ਇਸ ਨੂੰ ਦੋ ਸਾਲਾਂ ਦੀ ਮਿਆਦ ਵਿੱਚ ਪੂਰਾ ਕੀਤਾ ਜਾਣਾ ਸੀ। ਹਾਲਾਂਕਿ, 2022 ’ਚ ਨਿਰਮਾਣ ਕੰਪਨੀ ਨੇ ਪੀਡਬਲਿਊਡੀ ’ਤੇ ਪੰਜ ਸਾਲਾਂ ਦੀ ਮਿਆਦ ਦੌਰਾਨ ਉਸਾਰੀ ਲਈ ਲੋੜੀਂਦੀ ਜਗ੍ਹਾ ਪ੍ਰਦਾਨ ਨਾ ਕਰਨ ਅਤੇ ਨਿਯਮਾਂ ਅਨੁਸਾਰ ਪ੍ਰਾਜੈਕਟ ਦੀ ਕੀਮਤ ਵਿੱਚ ਵਾਧੇ (ਫ੍ਰੀਜ਼) ਨੂੰ ਰੋਕਣ ਦਾ ਦੋਸ਼ ਲਗਾਉਂਦੇ ਹੋਏ ਪ੍ਰਾਜੈਕਟ ’ਤੇ ਕੰਮ ਬੰਦ ਕਰ ਦਿੱਤਾ ਸੀ। ਜੇਐੱਸ ਗਰੋਵਰ ਕੰਸਟਰਕਸ਼ਨ ਕੰਪਨੀ ਦੇ ਸੁਨੀਲ ਗਰੋਵਰ ਨੇ ਕਿਹਾ ਸੀ ਕਿ ਲੋਕ ਨਿਰਮਾਣ ਵਿਭਾਗ ਪੰਜ ਸਾਲਾਂ ਵਿੱਚ ਉਸਾਰੀ ਲਈ ਲੋੜੀਂਦੀ ਥਾਂ ਨਹੀਂ ਦੇ ਸਕਿਆ। ਮਾਰਚ 2022 ਵਿਚ ਦੁਕਾਨਾਂ ਨੂੰ ਢਾਹ ਕੇ ਆਦਮਪੁਰ ਫਲਾਈਓਵਰ ਲਈ ਜਗ੍ਹਾ ਉਪਲਬਧ ਕਰਵਾਈ ਗਈ ਸੀ। 2019 ਵਿਚ ਪੀਡਬਲਿਊਡੀ ਨੇ ਪ੍ਰਾਜੈਕਟ ਦੀ ਕੀਮਤ ’ਚ ਵਾਧੇ ’ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਬਾਵਜੂਦ ਕੰਪਨੀ ਨੇ ਨਿਰਮਾਣ ਜਾਰੀ ਰੱਖਿਆ ਤੇ ਆਦਮਪੁਰ ਫਲਾਈਓਵਰ ਦੇ ਪਿੱਲਰ ਵੀ ਤਿਆਰ ਕੀਤੇ। ਹੁਸ਼ਿਆਰਪੁਰ ਵਿੱਚ ਜ਼ਮੀਨ ਘੁਟਾਲੇ ਨੇ ਵੀ ਇਸ ਪ੍ਰਾਜੈਕਟ ਨੂੰ ਪ੍ਰਭਾਵਿਤ ਕੀਤਾ ਹੈ। ਕੰਪਨੀ ਦੇ ਕਰੋੜਾਂ ਰੁਪਏ ਫਸ ਗਏ ਅਤੇ ਆਖ਼ਰਕਾਰ ਕੰਪਨੀ ਨੇ ਲੋਕ ਨਿਰਮਾਣ ਵਿਭਾਗ ’ਤੇ 372 ਕਰੋੜ ਰੁਪਏ ਦਾ ਮੁਆਵਜ਼ਾ ਲਗਾ ਦਿੱਤਾ। ਕੰਪਨੀ ਨੇ ਆਰਬਿਟ੍ਰੇਟਰ ਕੋਲ ਦਾਇਰ ਕੇਸ ਵਿੱਚ ਸਰਫੇਸ ਟਰਾਂਸਪੋਰਟ ਤੇ ਹਾਈਵੇਜ ਮੰਤਰਾਲੇ ਨੂੰ ਵੀ ਧਿਰ ਬਣਾਇਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ ਜੇ ਲੋਕ ਨਿਰਮਾਣ ਵਿਭਾਗ ਆਦਮਪੁਰ ਫਲਾਈਓਵਰ ਨੂੰ ਨਵੇਂ ਰੇਟ ਮੁਤਾਬਕ ਬਣਾਉਣਾ ਚਾਹੁੰਦਾ ਹੈ ਤਾਂ ਕੰਪਨੀ ਤਿਆਰ ਹੈ। ਸਾਲ 2023 ਵਿਚ ਹੋਈਆਂ ਸੰਸਦੀ ਉਪ ਚੋਣਾਂ ਦੌਰਾਨ ਵੀ ਇਸ ਹਾਈਵੇਅ ਦੀ ਦੁਰਦਸ਼ਾ ਦਾ ਮੁੱਦਾ ਉਠਿਆ ਸੀ ਅਤੇ ਰੋਡ ਸ਼ੋਅ ਕਰਨ ਆਦਮਪੁਰ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਕੰਮ ਨੂੰ ਤੁਰੰਤ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ। ਭਾਵੇਂ ਇਸ ਸੜਕ ਦੀ ਮੁਰੰਮਤ ਦਾ ਕੰਮ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਕਰਵਾਇਆ ਗਿਆ ਸੀ ਪਰ ਇਹ ਪ੍ਰਾਜੈਕਟ ਮੁੜ ਸ਼ੁਰੂ ਨਹੀਂ ਹੋ ਸਕਿਆ।
ਕੰਪਨੀ ਦਰਾਂ ਵਧਾ ਕੇ ਮੁੜ ਚਾਲੂ ਕਰ ਸਕਦੀ ਪ੍ਰਾਜੈਕਟ: ਐਕਸੀਅਨ
ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਵੇਕ ਦੁਰੇਜਾ ਨੇ ਦੱਸਿਆ ਕਿ ਆਦਮਪੁਰ ਫਲਾਈਓਵਰ ਦਾ ਕੰਮ ਸ਼ੁਰੂ ਕਰਨ ਤੋਂ ਇਲਾਵਾ ਜਲੰਧਰ ਵਾਲੇ ਪਾਸੇ ਤੋਂ ਚਾਰ ਮਾਰਗੀ ਦਾ ਬਾਕੀ ਰਹਿੰਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਸੰਭਾਵਨਾ ਪ੍ਰਗਟਾਈ ਕਿ ਜਿਸ ਕੰਪਨੀ ਨੇ ਪ੍ਰਾਜੈਕਟ ਦਾ ਕੰਮ ਛੱਡ ਦਿੱਤਾ ਹੈ, ਉਹ ਦਰਾਂ ਵਿਚ ਕੁਝ ਵਾਧਾ ਕਰ ਕੇ ਪ੍ਰਾਜੈਕਟ ਨੂੰ ਮੁੜ ਚਾਲੂ ਕਰ ਸਕਦੀ ਹੈ।