ਪੈਰਿਸ, 27 ਜੁਲਾਈ
ਪਹਿਲੀ ਵਾਰ ਓਲੰਪਿਕ ’ਚ ਹਿੱਸਾ ਲੈ ਰਹੇੇ ਭਾਰਤੀ ਖਿਡਾਰੀ ਹਰਮੀਤ ਦੇਸਾਈ ਨੇ ਅੱਜ ਇਥੇ ਜੌਰਡਨ ਦੇ ਜ਼ੈਦ ਅਬੂ ਯਮਨ ਨੂੰ 4-0 ਨਾਲ ਹਰਾ ਕੇ ਟੇਬਲ ਟੈਨਿਸ ਪੁਰਸ਼ ਸਿੰਗਲਜ਼ ਮੁਕਾਬਲਿਆਂ ਦੇ ਦੂਜੇ ਗੇੜ ’ਚ ਜਗ੍ਹਾ ਬਣਾ ਲਈ ਹੈ। ਹਰਮੀਤ ਨੇ ਵਿਸ਼ਵ ਦਰਜਾਬੰਦੀ ’ਚ 538ਵੇਂ ਸਥਾਨ ’ਤੇ ਕਾਬਜ਼ ਜ਼ੈਦ ਨੂੰ ਸਿਰਫ਼ 30 ਮਿੰਟਾਂ ’ਚ 11-7 11-9 11-5 11-5 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਮੁਕਾਬਲੇ ਦੌਰਾਨ ਹਰਮੀਤ ਨੇ ਪਹਿਲੀ ਗੇਮ ਸੌਖਿਆਂ ਹੀ ਜਿੱਤ ਲਈ ਪਰ ਦੂਜੀ ਗੇਮ ’ਚ ਉਸ ਨੂੰ ਸਖਤ ਟੱਕਰ ਮਿਲੀ। ਅਗਲੀਆਂ ਦੋਵੇਂ ਗੇਮਾਂ ਉਸ ਨੇ ਆਸਾਨੀ ਨਾਲ ਜਿੱਤਦਿਆਂ ਮੈਚ ਆਪਣੇ ਨਾਂ ਕਰ ਲਿਆ। ਦੱਸਣਯੋਗ ਹੈ ਕਿ ਆਲਮੀ ਦਰਜਾਬੰਦੀ ’ਚ ਸਿਖਰਲੇ 100 ਖਿਡਾਰੀਆਂ ’ਚ ਸ਼ੁਮਾਰ ਸੂਰਤ ਦਾ ਹਰਮੀਤ ਦੇਸਾਈ ਸਾਲ 2018 ਤੇ 2022 ’ਚ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗ਼ਮਾ ਜੇਤੂ ਟੀਮਾਂ ਦਾ ਹਿੱਸਾ ਰਿਹਾ ਹੈ। -ਪੀਟੀਆਈ