ਸੁਨਾਮ ਊਧਮ ਸਿੰਘ ਵਾਲਾ (ਨਿੱਜੀ ਪੱਤਰ ਪ੍ਰੇਰਕ):
ਨੇੜਲੇ ਪਿੰਡ ਛਾਜਲੀ ਵਿੱਚ ਇਕ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਕਿਸਾਨ ਗੁਰਜੰਟ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਛਾਜਲੀ ਖੇਤ ਵਿੱਚ ਝੋਨਾ ਵਢਾ ਰਿਹਾ ਸੀ ਤਾਂ ਅਚਾਨਕ ਖੇਤ ਵਿੱਚ ਲੰਘਦੀਆਂ ਬਿਜਲੀ ਦੀਆਂ ਤਾਰਾਂ ਕੰਬਾਈਨ ਨਾਲ ਲੱਗ ਗਈਆਂ। ਜਦੋਂ ਉਹ ਕੰਬਾਈਨ ਦੇ ਡਰਾਈਵਰ ਨੂੰ ਤਾਰਾਂ ਨਾਲ ਛਤਰੀ ਦੇ ਟਕਰਾਉਣ ਬਾਰੇ ਦੱਸਣ ਲਈ ਕੰਬਾਈਨ ਕੋਲ ਆਇਆ ਤਾਂ ਅਚਾਨਕ ਕਟਰ ’ਤੇ ਹੱਥ ਲੱਗਣ ਕਰਕੇ ਕਰੰਟ ਲੱਗਣ ਨਾਲ ਮੌਕੇ ’ਤੇ ਉਸ ਦੀ ਮੌਤ ਹੋ ਗਈ। ਸਰਪੰਚ ਗੁਰਬਿਆਸ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੰਤ ਰਾਮ ਸਿੰਘ ਛਾਜਲੀ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਸਹਾਇਕ ਥਾਣੇਦਾਰ ਗੁਰਭੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।