ਚੈਟੋਰੌਕਸ (ਫਰਾਂਸ), 27 ਜੁਲਾਈ
ਚੀਨੀ ਨਿਸ਼ਾਨੇਬਾਜ਼ ਲਿਹਾਓ ਸ਼ੇਂਗ ਅਤੇ ਯੂਟਿੰਗ ਹੁਆਂਗ ਦੀ ਜੋੜੀ ਨੇ ਅੱਜ ਇੱਥੇ ਪੈਰਿਸ ਓਲੰਪਿਕ ਦਾ ਪਹਿਲਾ ਸੋਨ ਤਗ਼ਮਾ ਜਿੱਤਿਆ। ਚੀਨੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਦੇ ਫਾਈਨਲ ’ਚ ਦੱਖਣੀ ਕੋਰੀਆ ਦੀ ਕਿਮ ਜੀਹਓਨ ਅਤੇ ਪਾਰਕ ਹਾਜੁਨ ਦੀ ਜੋੜੀ ਨੂੰ 16-12 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਸ਼ੁਰੂਆਤੀ ਗੇੜ ਤੋਂ ਹੀ ਚੀਨ ਨੇ ਵਿਰੋਧੀ ਜੋੜੀ ’ਤੇ ਦਬਾਅ ਬਣਾ ਲਿਆ ਸੀ ਅਤੇ ਅੰਤ ਤੱਕ ਲੀਡ ਬਣਾਈ ਰੱਖੀ। ਇਸ ਤੋਂ ਪਹਿਲਾਂ ਕਜ਼ਾਖਸਤਾਨ ਦੇ ਅਲੈਗਜ਼ੈਂਡਰਾ ਲੇ ਅਤੇ ਇਸਲਾਮ ਸਤਪਾਯੇਵ ਨੇ ਇਸੇ ਈਵੈਂਟ ਵਿੱਚ ਜਰਮਨੀ ਦੀ ਜੋੜੀ ਨੂੰ 17-5 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤ ਕੇ ਪੈਰਿਸ ਓਲੰਪਿਕ 2024 ਦਾ ਪਹਿਲਾਂ ਤਗਮਾ ਆਪਣੇ ਨਾਮ ਕੀਤਾ ਸੀ। ਇਸੇ ਤਰ੍ਹਾਂ ਆਸਟਰੇਲੀਆ ਦੀ ਗਰੇਸ ਬਰਾਊਨ ਨੇ ਸਾਈਕਲਿੰਗ ਦੇ ਮਹਿਲਾ ਵਿਅਕਤੀਗਤ ਟਾਈਮ ਟਰਾਇਲ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। -ਆਈਏਐੱਨਐੱਸ
ਚੀਨ ਨੂੰ ਡਾਈਵਿੰਗ ਵਿੱਚ ਵੀ ਸੋਨੇ ਦਾ ਤਗ਼ਮਾ
ਸੇਂਟ ਡੈਨਿਸ (ਫਰਾਂਸ): ਚੀਨ ਨੇ ਪੈਰਿਸ ਓਲੰਪਿਕ ਵਿੱਚ ਅੱਜ ਪਹਿਲੇ ਦਿਨ ਡਾਈਵਿੰਗ ਵਿੱਚ ਆਪਣਾ ਪਹਿਲਾ ਸੋਨ ਤਗ਼ਮਾ ਜਿੱਤ ਲਿਆ। ਚੀਨ ਦੀ ਚਾਂਗ ਯਾਨੀ ਅਤੇ ਚੇਨ ਯੀਵੇਨ ਦੀ ਜੋੜੀ ਨੇ ਇਹ ਪ੍ਰਾਪਤੀ ਹਾਸਲ ਕੀਤੀ। ਚੀਨ ਨੇ ਕਈ ਦਹਾਕਿਆਂ ਤੋਂ ਇਸ ਖੇਡ ’ਤੇ ਰਾਜ ਕੀਤਾ ਹੈ। ਤਿੰਨ ਸਾਲ ਪਹਿਲਾਂ ਟੋਕੀਓ ’ਚ ਚੀਨ ਨੇ ਅੱਠ ’ਚੋਂ ਸੱਤ ਸੋਨ ਤਗ਼ਮੇ ਜਿੱਤੇ ਸਨ ਪਰ ਇਸ ਵਾਰ ਚੀਨ ਸਾਰੇ ਅੱਠ ਸੋਨ ਤਗ਼ਮੇ ਜਿੱਤਣਾ ਚਾਹੇਗਾ। ਚੀਨੀ ਜੋੜੀ ਮਹਿਲਾ ਸਿੰਕ੍ਰੋਨਾਈਜ਼ਡ 3-ਮੀਟਰ ਸਪ੍ਰਿੰਗਬੋਰਡ ਵਿੱਚ ਪੰਜ ਡਾਈਵਜ਼ ਵਿੱਚ 337.68 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹੀ। ਇਨ੍ਹਾਂ ਤੋਂ ਬਾਅਦ ਅਮਰੀਕਾ ਦੀ ਸਾਰਾਹ ਬੇਕਨ ਅਤੇ ਕੈਸੀਡੀ ਕੁੱਕ ਦੀ ਜੋੜੀ ਦੂਜੇ ਅਤੇ ਯਾਸਮੀਨ ਹਾਰਪਰ ਅਤੇ ਸਕਾਰਲੇਟ ਮੇਵ ਜੇਨਸਨ ਦੀ ਬਰਤਾਨਵੀ ਜੋੜੀ ਤੀਜੇ ਸਥਾਨ ’ਤੇ ਰਹੀ। -ਪੀਟੀਆਈ