ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਜੁਲਾਈ
ਸ਼ਾਹੀ ਸ਼ਹਿਰ ਵਿੱਚ ਡਾਇਰੀਆ ਦਾ ਪ੍ਰਭਾਵ ਲਗਾਤਾਰ ਬਣਿਆ ਹੋਇਆ ਹੈ। ਇਸੇ ਸਬੰਧੀ ਅੱਜ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਪਹੁੰਚ ਕੇ ਡੇਂਗੂ ਤੇ ਡਾਇਰੀਆ ਵਾਰਡਾਂ ਦਾ ਦੌਰਾ ਕਰ ਕੇ ਮਰੀਜ਼ਾਂ ਦਾ ਹਾਲ ਜਾਣਿਆ ਹੈ। ਉਥੇ ਹੀ ਬਿਜਲੀ ਨੂੰ ਧਿਆਨ ’ਚ ਰੱਖਦਿਆਂ ਸਿਹਤ ਮੰਤਰੀ ਨੇ ਰਾਜਿੰਦਰਾ ਹਸਪਤਾਲ ’ਚ ਨਿਰਵਿਘਨ ਸਪਲਾਈ ਲਈ 25 ਲੱਖ ਰੁਪਏ ਦੀ ਲਾਗਤ ਨਾਲ 11 ਕੇਵੀ ਦੀ ਇੱਕ ਹੋਰ ਵਾਧੂ ਲਾਈਨ ਚਾਲੂ ਕਰਵਾਈ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਪੇਚਸ ਦੇ ਕਈ ਮਾਮਲੇ ਆ ਚੁੱਕੇ ਹਨ। ਬੀਤੇ ਦਿਨ ਵੀ ਪੰਜ ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਦੇ ਮੱਦੇਨਜ਼ਰ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਅੱਜ ਸਿਹਤ ਮੰਤਰੀ ਨੇ ਇਸ ਸਬੰਧੀ ਹਸਪਤਾਲ ਦੀਆਂ ਡੇਂਗੂ ਅਤੇ ਡਾਇਰੀਆ ਵਾਰਡਾਂ ਦਾ ਦੌਰਾ ਕਰ ਕੇ ਜਾਇਜ਼ਾ ਲਿਆ ਅਤੇ ਇੱਥੇ ਦਾਖਲ ਦਸਤਾਂ ਤੇ ਉਲਟੀਆਂ ਦੇ ਮਰੀਜ਼ਾਂ ਦਾ ਹਾਲ-ਚਾਲ ਵੀ ਜਾਣਿਆ ਹੈ। ਉਨ੍ਹਾਂ ਨੇ ਮੈਡੀਕਲ ਸੁਪਰਡੈਂਟ ਨੂੰ ਹਦਾਇਤ ਕੀਤੀ ਹੈ ਕਿ ਬਾਹਰਲੇ ਜ਼ਿਲ੍ਹਿਆਂ ਤੇ ਹੋਰਾਂ ਸੂਬਿਆਂ ਤੋਂ ਆਏ ਮਰੀਜ਼ਾਂ ਦੀ ਸੂਚਨਾ ਉਨ੍ਹਾਂ ਦੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਭੇਜੀ ਜਾਵੇ ਤਾਂ ਕਿ ਸਬੰਧਤ ਥਾਵਾਂ ਵਿੱਚ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਉੱਥੋਂ ਦਾ ਪ੍ਰਸ਼ਾਸਨ ਵੀ ਚੌਕਸ ਹੋ ਕੇ ਯਤਨ ਕਰੇ। ਉਥੇ ਹੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਸ਼ਕਤੀ ਵਿਹਾਰ ਤੋਂ 11 ਕੇਵੀ ਫੀਡਰ ਤੀਜਾ ਸੋਰਸ ਹਸਪਤਾਲ ਦੇ ਖ਼ਰਚੇ ਉੱਤੇ ਜਲਦੀ ਹੀ ਚਲਾਇਆ ਜਾਵੇਗਾ। ਮੈਡੀਕਲ ਸਿੱਖਿਆ ਮੰਤਰੀ ਨੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਦੌਰਾਨ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਜ਼ਿਲ੍ਹਾ ਹਸਪਤਾਲ, ਸੀਐੱਚਸੀ, ਸਬ-ਡਿਵੀਜ਼ਨ ਤੇ ਡਿਸਪੈਂਸਰੀਆਂ ਆਦਿ ਵਿੱਚ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ, ਜਦੋਂਕਿ ਮੈਡੀਕਲ ਸਿੱਖਿਆ ਵਿਭਾਗ ਅਧੀਨ ਆਉਂਦੇ ਦੋਵੇਂ ਮੈਡੀਕਲ ਕਾਲਜਾਂ ਦੇ ਹਸਪਤਾਲਾਂ ਵਿੱਚ ਜਿਹੜੀਆਂ ਕਮੀਆਂ ਹਨ, ਉਹ 15 ਅਗਸਤ ਤੱਕ ਦੂਰ ਕਰ ਦਿੱਤੀਆਂ ਜਾਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਨੂੰ ਨਮੂਨੇ ਦੇ ਹਸਪਤਾਲ ਬਣਾਇਆ ਜਾ ਰਿਹਾ ਹੈ। ਇਸ ਤੋਂ ਬਿਨਾ ਮਾਨ ਸਰਕਾਰ ਦੀ ਇਹ ਵੀ ਤਰਜੀਹ ਹੈ ਕਿ ਅਗਲੇ ਦੋ ਸਾਲਾਂ ’ਚ 6 ਨਵੇਂ ਮੈਡੀਕਲ ਕਾਲਜ ਚਾਲੂ ਕੀਤੇ ਜਾਣ।