ਚੰਡੀਗੜ੍ਹ, 27 ਜੁਲਾਈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਅਹਿਮ ਹੁਕਮ ਸੁਣਾਉਂਦਿਆਂ ਕਿਹਾ ਕਿ ਆਪਣੇ ਸਾਥੀਆਂ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਦੇ ਚਾਹਵਾਨ ਵਿਆਹੁਤਾ ਲੋਕਾਂ ਨੂੰ ਸੁਰੱਖਿਆ ਦੇਣ ਨਾਲ ‘ਗਲਤ ਲੋਕਾਂ’ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਦੂਜਾ ਵਿਆਹ ਕਰਵਾਉਣ ਦੀ ਪ੍ਰਥਾ ਪ੍ਰਚੱਲਿਤ ਹੋਵੇਗੀ। ਜਸਟਿਸ ਸੰਦੀਪ ਮੌਦਗਿੱਲ ਦੇ ਬੈਂਚ ਨੇ ਕਿਹਾ ਕਿ ਅਜਿਹੇ ਜੋੜੇ ਜਿਹੜੇ ਘਰਾਂ ਤੋਂ ਭੱਜ ਜਾਂਦੇ ਹਨ, ਨਾ ਸਿਰਫ ਮਾਪਿਆਂ ਦਾ ਨਾਂ ਬਦਨਾਮ ਕਰਦੇ ਸਗੋਂ ਉਨ੍ਹਾਂ ਦੇ ਮਾਣ ਤੇ ਸਨਮਾਨ ਨਾਲ ਜ਼ਿੰਦਗੀ ਜਿਊਣ ਦੇ ਅਧਿਕਾਰ ਦੀ ਉਲੰਘਣਾ ਵੀ ਕਰਦੇ ਹਨ। ਅਦਾਲਤ ਨੇ ਇਹ ਹੁਕਮ 44 ਸਾਲਾ ਪੁਰਸ਼ ਅਤੇ 40 ਸਾਲਾਂ ਦੀ ਔਰਤ ਦੀ ਪਟੀਸ਼ਨ ਸਣੇ ਕਈ ਹੋਰ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਸੁਣਾਇਆ ਜਿਨ੍ਹਾਂ ਵਿੱਚ ਪਟੀਸ਼ਨਰਾਂ ਵੱਲੋਂ ਆਪਣੇ ਪਰਿਵਾਰਾਂ ਵੱਲੋਂ ਜਾਨ ਦੇ ਖ਼ਤਰੇ ਦਾ ਹਵਾਲਾ ਦਿੰਦਿਆਂ ਸੁਰੱਖਿਆ ਮੰਗੀ ਗਈ ਸੀ। -ਪੀਟੀਆਈ