ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੁਲਾਈ
ਸਨਅਤੀ ਸ਼ਹਿਰ ਦੀ ਕੇਸਰ ਗੰਜ ਮੰਡੀ ’ਚ ਮਸਾਲੇ ਦਾ ਵਪਾਰ ਕਰਨ ਵਾਲੇ ਕਾਰੋਬਾਰੀ ਨੂੰ ਪਾਕਿਸਤਾਨੀ ਨੰਬਰ ਤੋਂ ਧਮਕੀ ਭਰਿਆ ਫੋਨ ਆਇਆ ਹੈ। ਫੋਨ ਕਰਨ ਵਾਲੇ ਨੇ ਜਿਸ ਵਟਸਐਪ ਨੰਬਰ ਤੋਂ ਫੋਨ ਕੀਤਾ ਹੈ, ਉਸ ’ਤੇ ਸਾਬਕਾ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਤਸਵੀਰ ਲਾਈ ਹੋਈ ਹੈ। ਵਪਾਰੀ ਨੂੰ ਫੋਨ ਕਰਨ ਵਾਲੇ ਨੇ ਖ਼ੁਦ ਨੂੰ ਪੰਜਾਬ ਪੁਲੀਸ ਦਾ ਏਐੱਸਆਈ ਗੁਰਪ੍ਰੀਤ ਸਿੰਘ ਦੱਸ ਕੇ ਵਪਾਰੀ ਨੂੰ ਕਿਹਾ ਹੈ ਕਿ ਉਸ ਦਾ ਲੜਕਾ ਨਸ਼ੇ ਦੀ ਖੇਪ ਸਣੇ ਫੜਿਆ ਗਿਆ ਹੈ। ਵਪਾਰੀ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਇਹ ਵੀ ਧਮਕੀਆਂ ਦਿੱਤੀਆਂ ਕਿ ਉਸ ਦੇ ਲੜਕੇ ਨੂੰ ਦੋ ਚੋਰਾਂ ਦੀ ਮਦਦ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ, ਚੋਰਾਂ ਨੇ 10 ਲੱਖ ਰੁਪਏ ਦੀ ਲੁੱਟ ਕੀਤੀ ਹੈ। ਜਾਂਚ ਦੌਰਾਨ ਕਾਲ ਟ੍ਰੇਸਿੰਗ ਰਾਹੀਂ ਉਸ ਦਾ ਨੰਬਰ ਮਿਲਿਆ ਹੈ। ਉਹ ਲੜਕੇ ਨੂੰ ਛੁਡਵਾਉਣਾ ਚਾਹੁੰਦਾ ਹੈ ਤਾਂ ਪੈਸੇ ਗੂਗਲ ਪੇਅ ਕਰ ਦੇਵੇ। ਇਸ ਦੌਰਾਨ ਕਾਰੋਬਾਰੀ ਨੇ ਲੜਕੇ ਨਾਲ ਗੱਲ ਕਰਵਾਉਣ ਲਈ ਕਿਹਾ ਤਾਂ ਫੋਨ ਕਰਨ ਵਾਲੇ ਨੇ ਲੜਕੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸ ਵਿਅਕਤੀ ਨੇ ਵਪਾਰੀ ਨੂੰ ਕਿਹਾ ਕਿ ਜੇ ਉਹ ਆਪਣੇ ਲੜਕੇ ਨੂੰ ਛਡਵਾਉਣਾ ਚਾਹੁੰਦਾ ਹੈ ਤਾਂ 50 ਹਜ਼ਾਰ ਰੁਪਏ ਲੱਗਣਗੇ। ਇਸੇ ਦੌਰਾਨ ਗੂਗਲ ਪੇਅ ਸਕੈਨਰ ਪਾਉਣ ਦੀ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ। ਵਪਾਰੀ ਨੇ ਜਦੋਂ ਪੁਲੀਸ ਕੋਲ ਸ਼ਿਕਾਇਤ ਕੀਤੀ ਤਾਂ ਪਤਾ ਲੱਗਿਆ ਕਿ ਕਾਲ ਕਰਨ ਵਾਲਾ ਸਾਈਬਰ ਠੱਗ ਹੈ। ਵਪਾਰੀ ਵੱਲੋਂ ਸਾਈਬਰ ਸੈੱਲ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ। ਹੁਣ ਪੁਲੀਸ ਜਾਂਚ ਕਰਨ ’ਚ ਲੱਗੀ ਜੁਟੀ ਹੋਈ ਹੈ।