ਲਖਵੀਰ ਸਿੰਘ ਚੀਮਾ
ਟੱਲੇਵਾਲ, 27 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀਆਂ ਸਰਗਰਮ ਮਹਿਲਾ ਕਾਰਕੁਨਾਂ ਦੀ ਵਿਸ਼ੇਸ਼ ਸੂਬਾਈ ਮੀਟਿੰਗ ਜਥੇਬੰਦੀ ਦੀ ਸੂਬਾ ਕਮੇਟੀ ਦੀ ਅਗਵਾਈ ਹੇਠ ਪਿੰਡ ਚੀਮਾ ਦੇ ਗੁਰਦੁਆਰੇ ਵਿੱਚ ਹੋਈ। ਮੀਟਿੰਗ ਦੌਰਾਨ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਬਰਸੀ ਸਮਾਗਮ ਸਬੰਧੀ ਚਰਚਾ ਕੀਤੀ ਗਈ। ਐਕਸ਼ਨ ਕਮੇਟੀ ਕਨਵੀਨਰ ਨਰਾਇਣ ਦੱਤ ਨੇ ਕਿਹਾ ਕਿ ਕਿਰਨਜੀਤ ਕੌਰ ਮਹਿਲ ਕਲਾਂ ਦੀ ਬਰਸੀ ਸਬੰਧੀ 12 ਅਗਸਤ ਨੂੰ ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਇਤਿਹਾਸਕ ਘੋਲ ਵਿੱਚ ਔਰਤਾਂ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਚੇਤੇ ਕਰਦਿਆਂ ਯਾਦਗਾਰੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਮਹਿਲਾ ਵਿੰਗ ਦੀ ਕਨਵੀਨਰ ਅੰਮ੍ਰਿਤਪਾਲ ਕੌਰ ਦੇ ਨਾਲ ਹਰਜਿੰਦਰ ਕੌਰ ਲੁਧਿਆਣਾ ਅਤੇ ਅਮਰਜੀਤ ਕੌਰ ਬਰਨਾਲਾ ਨੂੰ ਕੋ-ਕਨਵੀਨਰ ਲਾ ਕੇ ਮਹਿਲਾਵਾਂ ਨੂੰ ਜਥੇਬੰਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਨਕਲਾਬੀ ਕੇਂਦਰ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸੰਘਰਸ਼ ਦੀ ਲੋੜ ’ਤੇ ਜ਼ੋਰ ਦਿੱਤਾ। ਬੀਕੇਯੂ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਮਹਿਲਾਵਾਂ ਨੂੰ ਕਿਸਾਨੀ ਸੰਘਰਸ਼ਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ, ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਅੰਮ੍ਰਿਤਪਾਲ ਕੌਰ ਹਰੀਨੌਂ, ਪ੍ਰੇਮ ਪਾਲ ਕੌਰ, ਪਰਮਜੀਤ ਕੌਰ ਜੋਧਪੁਰ, ਕੇਵਲ ਜੀਤ ਕੌਰ, ਪਰਵਿੰਦਰ ਕੌਰ ਵਾੜਾ ਭਾਈਕਾ, ਗੁਰਮੀਤ ਕੌਰ ਧਾਲੀਵਾਲ, ਹਰਜਿੰਦਰ ਕੌਰ ਲੁਧਿਆਣਾ, ਸੁਖਵੰਤ ਕੌਰ ਗਾਲਬ, ਸੁਰਜੀਤ ਕੌਰ ਕਿਸ਼ਨਗੜ੍ਹ, ਸੁਹਜਪ੍ਰੀਤ ਕੌਰ, ਸੁਖਜੀਤ ਕੌਰ ਭੈਣੀ ਬਾਘਾ, ਰਣਦੀਪ ਕੌਰ ਅਤੇ ਮਨਜੀਤ ਕੌਰ ਸੰਧੂ ਕਲਾਂ ਨੇ ਸੰਬੋਧਨ ਕੀਤਾ।