ਰਿਪੁਦਮਨ ਸਿੰਘ ਰੂਪ
ਮੁਲਾਜ਼ਮ ਮੰਗਾਂ ਲਈ ਸੰਘਰਸ਼ ਵਿੱਚ ਹਮੇਸ਼ਾ ਮੂਹਰਲੀ ਕਤਾਰ ਵਿੱਚ ਰਹਿਣ ਵਾਲੇ ਮੁਲਾਜ਼ਮ ਆਗੂ ਰਣਬੀਰ ਸਿੰਘ ਢਿੱਲੋਂ ਨਮਿਤ ਅੰਤਿਮ ਅਰਦਾਸ ਅਤੇ ਕੀਰਤਨ ਅੱਜ ਗੁਰਦੁਆਰਾ ਸ੍ਰੀ ਸਾਹਿਬਵਾੜਾ ਫੇਜ਼- 5 ਮੁਹਾਲੀ ਵਿੱਚ ਬਾਅਦ ਦੁਪਹਿਰ ਹੋਵੇਗੀ। ਕਰਮਚਾਰੀ ਲਹਿਰ ਦੇ ਯੋਧੇ ਦਾ 92 ਸਾਲ ਦੀ ਉਮਰ ’ਚ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ।
ਪੰਜਾਬ ਮੁਲਾਜ਼ਮ ਸੰਘਰਸ਼ ਦੇ ਮੋਢੀਆਂ ਵਿੱਚ ਸ਼ੁਮਾਰ ਰਣਬੀਰ ਸਿੰਘ ਢਿੱਲੋਂ ਦੀ ਮੁਲਾਜ਼ਮਾਂ ਦੇ ਮਸਲਿਆਂ ’ਤੇ ਬਹੁਤ ਪਕੜ ਸੀ। ਸਾਲ 1966 ਵਿੱਚ 6 ਮਈ ਨੂੰ ਪੰਜਾਬ ਪੱਧਰੀ ਹੜਤਾਲ ਵੇਲੇ ਉਨ੍ਹਾਂ ਨੂੰ ਡਿਫੈਂਸ ਆਫ ਇੰਡੀਆ ਰੂਲਜ਼ ਤਹਿਤ ਗ੍ਰਿਫ਼ਤਾਰ ਕਰ ਕੇ ਕਰਨਾਲ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਸ੍ਰੀ ਢਿੱਲੋਂ ਨੇ ਉਨ੍ਹਾਂ ਖ਼ਿਲਾਫ਼ ਡੀਆਈਆਰ ਕਾਨੂੰਨ ਲਾਉਣ ਵਿਰੁੱਧ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਭੁੱਖੇ ਰਹਿਣ ਕਾਰਨ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਸੀ। ਸਾਲ 1965-66 ਤੋਂ ਬਾਅਦ ਢਿੱਲੋਂ ਕਦੇ ਟਿਕ ਕੇ ਨਹੀਂ ਬੈਠੇ ਸਨ। ਉਨ੍ਹਾਂ ਮੁਲਾਜ਼ਮਾਂ ਦੀ ਲਹਿਰ ਨੂੰ ਮਜ਼ਬੂਤ ਕੀਤਾ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ, ਗੌਰਮਿੰਟ ਟੀਚਰਜ਼ ਯੂਨੀਅਨ ਨੂੰ ਜਥੇਬੰਦ ਕੀਤਾ, ਜਿਨ੍ਹਾਂ ਅਧਿਆਪਕਾਂ ਦੇ ਕੇਡਰਾਂ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਸ਼ਾਮਲ ਕੀਤਾ। ਹਾਲਾਂਕਿ ਰਣਬੀਰ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਅਤੇ ਗੋਰਮਿੰਟ ਟੀਚਰਜ਼ ਯੂਨੀਅਨ ਦੇ ਲੰਮੇ ਸੰਘਰਸ਼ਾਂ ਨਾਲ ਅਨੇਕਾਂ ਨਵੀਆਂ ਮੰਗਾਂ ਮਨਵਾਈਆਂ ਗਈਆਂ ਸਨ।
ਪ੍ਰਤਾਪ ਸਿੰਘ ਕੈਰੋਂ ਨੇ ਪਹਿਲੀ ਵਾਰ ਰਣਬੀਰ ਸਿੰਘ ਢਿੱਲੋਂ ਨੂੰ ਮੁਅੱਤਲ ਕੀਤਾ ਸੀ। ਇਸ ਦੌਰਾਨ ਸ੍ਰੀ ਢਿੱਲੋਂ ਤਿੰਨ ਸਾਲ ਮੁਅੱਤਲ ਰਹੇ ਸਨ। ਕੈਰੋਂ ਤੋਂ ਬਾਅਦ ਮੁੱਖ ਮੰਤਰੀ ਬਣੇ ਰਾਮ ਕ੍ਰਿਸ਼ਨ ਨੇ ਢਿੱਲੋਂ ਨੂੰ ਬਰਖ਼ਾਸਤ ਕਰ ਦਿੱਤਾ ਸੀ। ਸ੍ਰੀ ਢਿੱਲੋਂ ਕੁੱਲ ਨੌਂ ਸਾਲ ਬਰਖ਼ਾਸਤ ਰਹੇ ਸਨ। ਰਣਬੀਰ ਸਿੰਘ ਢਿੱਲੋਂ ਅੱਜ ਨਵੇਂ ਨਿਯੁਕਤ ਹੋ ਰਹੇ ਕੱਚੇ ਕਰਮਚਾਰੀਆਂ ਦੀ ਹਾਲਾਤ ਦੇਖ ਕੇ ਉਦਾਸ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਤੱਕ ਬੰਧੂਆ ਮਜ਼ਦੂਰ ਬਣਾ ਦਿੱਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਾਤ-ਪਾਤ ਅਧਾਰਤ ਮੁਲਾਜ਼ਮ ਜਥੇਬੰਦੀਆਂ ਬਣਾਉਣਾ ਟਰੇਡ ਯੂਨੀਅਨ ਦੇ ਮੂਲ ਸਿਧਾਂਤ ਤੋਂ ਉਲਟ ਹੈ।