ਆਤਿਸ਼ ਗੁਪਤਾ
ਚੰਡੀਗੜ੍ਹ, 27 ਜੁਲਾਈ
ਪੰਜਾਬ ਵਿੱਚ ਇਸ ਵਾਰ ਮੌਨਸੂਨ ਮੱਠਾ ਚੱਲ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਕਾਰਨ ਲੋਕ ਬਿਮਾਰ ਹੋ ਰਹੇ ਹਨ। ਇਸੇ ਤਰ੍ਹਾਂ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਕਿਸਾਨਾਂ ਨੂੰ ਕੁਦਰਤੀ ਪਾਣੀ ਦੀ ਥਾਂ ਨਹਿਰੀ ਜਾਂ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਅੱਜ ਸੂਬੇ ਵਿੱਚ ਕਈ ਥਾਈਂ ਦਿਨ ਭਰ ਬੱਦਲਵਾਈ ਰਹੀ। ਅੰਮ੍ਰਿਤਸਰ ਅਤੇ ਜਲੰਧਰ ਵਿੱਚ ਸਵੇਰ ਵੇਲੇ ਪਏ ਮੀਂਹ ਕਾਰਨ ਲੋਕਾਂ ਨੇ ਹੁੰਮਸ ਵਾਲੀ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਕੀਤੀ, ਜਦਕਿ ਸਰਹੱਦੀ ਜ਼ਿਲ੍ਹਿਆਂ ਫਿਰੋਜ਼ਪੁਰ, ਫਾਜ਼ਿਲਕਾ ਵਿੱਚ ਤਿੱਖੀ ਧੁੱਪ ਲੱਗੀ। ਮਾਲਵੇ ਵਿੱਚ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਨੂੰ ਪਾਣੀ ਲਾਉਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ। ਇਸ ਵਾਰ ਘੱਟ ਮੀਂਹ ਪੈਣ ਕਾਰਨ ਖ਼ਰਚਾ ਵੱਧ ਹੋਣ ’ਤੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਦੂਜੇ ਪਾਸੇ ਸੂਬੇ ਦੀ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਿਨ ਭਰ ਬੱਦਲਵਾਈ ਰਹਿਣ ਕਾਰਨ ਲੋਕ ਮੀਂਹ ਨੂੰ ਉਡੀਕਦੇ ਰਹੇ। ਇੱਥੇ ਬੀਤੇ ਦਿਨ ਪਏ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਪਰ ਹੁੰਮਸ ਕਾਰਨ ਗਰਮੀ ਤੋਂ ਲੋਕ ਪ੍ਰੇਸ਼ਾਨ ਨਜ਼ਰ ਆਏ।
ਮੌਸਮ ਵਿਗਿਆਨੀਆਂ ਨੇ ਸੂਬੇ ਵਿੱਚ 28 ਤੇ 29 ਜੁਲਾਈ ਨੂੰ ਮੌਸਮ ਖੁਸ਼ਕ ਅਤੇ 30 ਤੇ 31 ਜੁਲਾਈ ਨੂੰ ਕੁਝ ਥਾਵਾਂ ’ਤੇ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਤਕੀਂ ਜੁਲਾਈ ਮਹੀਨੇ ਵਿੱਚ ਆਮ ਨਾਲੋਂ 43 ਫ਼ੀਸਦ ਮੀਂਹ ਘੱਟ ਪਿਆ ਹੈ। ਸੂਬੇ ਵਿੱਚ ਸਿਰਫ਼ ਦੋ ਸ਼ਹਿਰਾਂ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ। ਇਸ ਮਹੀਨੇ ਮਾਨਸਾ ਵਿੱਚ 22 ਅਤੇ ਪਠਾਨਕੋਟ ਵਿੱਚ ਨੌਂ ਫ਼ੀਸਦ ਮੀਂਹ ਵਾਧੂ ਪਿਆ ਹੈ। ਬਠਿੰਡਾ ਵਿੱਚ ਆਮ ਨਾਲੋਂ 70 ਫ਼ੀਸਦ ਘੱਟ ਭਾਵ ਸਿਰਫ਼ 28 ਐੱਮਐੱਮ ਮੀਂਹ ਪਿਆ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਇੱਕ ਜੁਲਾਈ ਤੋਂ ਹੁਣ ਤੱਕ 97.8 ਮਿਲੀਮੀਟਰ ਮੀਂਹ ਪਿਆ ਹੈ, ਇਹ ਆਮ ਨਾਲੋਂ 33 ਫ਼ੀਸਦ ਘੱਟ ਹੈ। ਇਸੇ ਤਰ੍ਹਾਂ ਬਰਨਾਲਾ ਵਿੱਚ 44 ਫ਼ੀਸਦ ਘੱਟ 61.3 ਐੱਮਐੱਮ, ਫ਼ਰੀਦਕੋਟ ਵਿੱਚ 44 ਫ਼ੀਸਦ ਘੱਟ 51.9 ਐੱਮਐੱਮ, ਫ਼ਤਹਿਗੜ੍ਹ ਸਾਹਿਬ ਵਿੱਚ 69 ਫ਼ੀਸਦ ਘੱਟ 48.6 ਐੱਮਐੱਮ, ਫ਼ਾਜ਼ਿਲਕਾ ਵਿੱਚ 60 ਫ਼ੀਸਦ ਘੱਟ 37.4 ਐੱਮਐੱਮ ਮੀਂਹ ਪਿਆ ਹੈ। ਫ਼ਿਰੋਜ਼ਪੁਰ ਵਿੱਚ 63 ਫ਼ੀਸਦ ਘੱਟ 32.5 ਐੱਮਐੱਮ, ਗੁਰਦਾਸਪੁਰ ਵਿੱਚ 25 ਫ਼ੀਸਦ ਘੱਟ 153.4 ਐੱਮਐੱਮ, ਹੁਸ਼ਿਆਰਪੁਰ ਵਿੱਚ 29 ਫ਼ੀਸਦ ਘੱਟ 136.9 ਐੱਮਐੱਮ, ਜਲੰਧਰ ਵਿੱਚ 53 ਫ਼ੀਸਦ ਘੱਟ 81 ਐੱਮਐੱਮ, ਕਪੂਰਥਲਾ ਵਿੱਚ 64 ਫ਼ੀਸਦ ਘੱਟ 50.6 ਐੱਮਐੱਮ, ਲੁਧਿਆਣਾ ਵਿੱਚ 49 ਫ਼ੀਸਦ ਘੱਟ 72.7 ਐੱਮਐੱਮ, ਮੋਗਾ ਵਿੱਚ 63 ਫ਼ੀਸਦ ਘੱਟ 30.4 ਮੀਂਹ ਪਿਆ ਹੈ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਵਿੱਚ 46 ਫ਼ੀਸਦ ਘੱਟ 59.5 ਐੱਮਐੱਮ, ਪਟਿਆਲਾ ਵਿੱਚ 37 ਫ਼ੀਸਦ ਘੱਟ 10.27 ਐੱਮਐੱਮ, ਰੂਪਨਗਰ ਵਿੱਚ 49 ਫ਼ੀਸਦ ਘੱਟ 123.8 ਐੱਮਐੱਮ, ਸੰਗਰੂਰ ਵਿੱਚ 59 ਫ਼ੀਸਦ ਘੱਟ 47.5 ਐੱਮਐੱਮ, ਮੁਹਾਲੀ ਵਿੱਚ 60 ਫ਼ੀਸਦ ਘੱਟ 72.8 ਐੱਮਐੱਮ, ਨਵਾਂ ਸ਼ਹਿਰ ਵਿੱਚ 58 ਫ਼ੀਸਦ ਘੱਟ 101.9 ਐੱਮਐੱਮ ਅਤੇ ਤਰਨ ਤਾਰਨ ਵਿੱਚ 12 ਫ਼ੀਸਦ ਘੱਟ 84.5 ਐੱਮਐੱਮ ਮੀਂਹ ਪਿਆ ਹੈ।
ਬਠਿੰਡਾ ਹਵਾਈ ਅੱਡਾ ਰਿਹਾ ਸਭ ਤੋਂ ਗਰਮ
ਮੌਸਮ ਵਿਭਾਗ ਅਨੁਸਾਰ ਅੱਜ ਬਠਿੰਡਾ ਹਵਾਈ ਅੱਡੇ ਦਾ ਇਲਾਕਾ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 39.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 34.3 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 35.4 ਡਿਗਰੀ, ਲੁਧਿਆਣਾ ਵਿੱਚ 34.6 ਡਿਗਰੀ, ਪਟਿਆਲਾ ਵਿੱਚ 34.5 ਡਿਗਰੀ, ਪਟਾਨਕੋਟ ਵਿੱਚ 36.5 ਡਿਗਰੀ, ਗੁਰਦਾਸਪੁਰ ਵਿੱਚ 34.5 ਡਿਗਰੀ, ਨਵਾਂ ਸ਼ਹਿਰ ਵਿੱਚ 33.6 ਡਿਗਰੀ, ਬਰਨਾਲਾ ਵਿੱਚ 35.5 ਡਿਗਰੀ, ਫ਼ਤਹਿਗੜ੍ਹ ਸਾਹਿਬ ਵਿੱਚ 32.9 ਡਿਗਰੀ, ਫ਼ਿਰੋਜ਼ਪੁਰ ਵਿੱਚ 35.5 ਡਿਗਰੀ, ਜਲੰਧਰ ਵਿੱਚ 33.8 ਡਿਗਰੀ, ਮੋਗਾ ਵਿੱਚ 33.4 ਡਿਗਰੀ, ਮੁਹਾਲੀ ਵਿੱਚ 35 ਡਿਗਰੀ ਸੈਲਸੀਅਸ ਅਤੇ ਰੋਪੜ ਵਿੱਚ 34.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।