ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ
ਦਿੱਲੀ ਸਰਕਾਰ ਨੇ ਯਮੁਨਾ ਨਦੀ ਵਿੱਚ ਪ੍ਰਦੂਸ਼ਿਤ ਝੱਗ ਇਕੱਤਰ ਹੋਣ ਦੇ ਮਾਮਲੇ ਸਬੰਧੀ ਕੇਂਦਰ ਸਰਕਾਰ ਨੂੰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੂੰ ਯਮੁਨਾ ’ਚ ਉਦਯੋਗਾਂ ਦੀ ਅਣਸੋਧੀ ਰਹਿੰਦ-ਖੂੰਹਦ ਨਾ ਛੱਡਣ ਸਬੰਧੀ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ। ਸੱਤਾਧਿਰ ‘ਆਪ’ ਨੇ ਇਕ ਬਿਆਨ ’ਚ ਕਿਹਾ ਕਿ ਸਰਕਾਰ ਯਮੁਨਾ ’ਚ ਪ੍ਰਦੂਸ਼ਣ ਦੇ ਪੱਧਰ ’ਚ ਅਚਾਨਕ ਵਾਧੇ ਨੂੰ ਲੈ ਕੇ ਚਿੰਤਤ ਹੈ ਅਤੇ ਸਥਿਤੀ ’ਤੇ ਕਾਬੂ ਪਾਉਣ ਲਈ ਜ਼ਰੂਰੀ ਉਪਾਅ ਜਾਰੀ ਹਨ। ‘ਆਪ’ ਨੇ ਜਾਰੀ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਇਹ ਸਮੱਸਿਆ ਯੂਪੀ ਅਤੇ ਹਰਿਆਣਾ ਤੋਂ ਛੱਡੇ ਜਾ ਰਹੇ ਬਹੁਤ ਜ਼ਿਆਦਾ ਉਦਯੋਗਿਕ ਰਹਿੰਦ-ਖੂੰਹਦ ਦੇ ਕਾਰਨ ਅਚਾਨਕ ਆਈ ਹੈ। ਇਸ ਲਈ ਕੇਂਦਰ ਨੂੰ ਇਹ ਯਕੀਨੀ ਬਣਾਉਣ ਲਈ ਤੁਰੰਤ ਉਪਾਅ ਕਰਨੇ ਚਾਹੀਦੇ ਹਨ ਕਿ ਦੋਵੇਂ ਰਾਜਾਂ ਵਿੱਚ ਕੰਮ ਕਰ ਰਹੇ ਉਦਯੋਗ ਪਾਣੀ ਸ਼ੁੱਧ ਕਰ ਕੇ ਯਮੁਨਾ ਵਿੱਚ ਛੱਡਣ।
‘ਆਪ’ ਨੇ ਦੋਸ਼ ਲਾਇਆ ਕਿ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਸੱਤਾ ਵਿੱਚ ਆਈ ਹੈ, ਇਹ ਦਿੱਲੀ ਦੇ ਲੋਕਾਂ ਲਈ ਅੜਿੱਕੇ ਪੈਦਾ ਕਰ ਰਹੀ ਹੈ। ਕੇਂਦਰ ਨੂੰ ਅਜਿਹੇ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ’ਤੇ ਤੁਰੰਤ ਪਾਬੰਦੀ ਲਗਾਉਣ ਲਈ ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਰਕਾਰਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।
ਕਾਂਗਰਸ ਨੇ ਆਤਿਸ਼ੀ ਨੂੰ ਨਿਸ਼ਾਨੇ ’ਤੇ ਲਿਆ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਲਗਾਤਾਰ ਹੋ ਰਹੀ ਮੌਨਸੂਨ ਬਾਰਸ਼ ਤੋਂ ਬਾਅਦ ਜਦੋਂ ਯਮੁਨਾ ਦਾ ਪਾਣੀ ਸਾਫ਼ ਅਤੇ ਨਦੀ ਸਾਫ਼ ਦਿਖਾਈ ਦੇ ਰਹੀ ਹੈ, ਦਿੱਲੀ ਸਰਕਾਰ ਇੱਕ ਵਾਰ ਫਿਰ ਵੱਧ ਰਹੇ ਪ੍ਰਦੂਸ਼ਣ ਅਤੇ ਫਾਸਫੇਟ ਨੂੰ ਲੈ ਕੇ ਚਿੰਤਤ ਹੈ। ਯਮੁਨਾ ’ਚ ਫਾਸਫੇਟ ਨਾਈਟ੍ਰੇਟ ਦੀ ਮਾਤਰਾ ਵਧਣ ਕਾਰਨ ਪਾਣੀ ’ਚ ਝੱਗ ਨਜ਼ਰ ਆ ਰਹੀ ਹੈ ਜੋ ਕਿ ਆਪਣੀ ਜ਼ਿੰਮੇਵਾਰੀ ਤੋਂ ਇਨਕਾਰੀ ਹੈ ਅਤੇ ਯਮੁਨਾ ’ਚ ਪ੍ਰਦੂਸ਼ਣ ਵਧਣ ਦਾ ਕਾਰਨ ਹੈ।