ਸ੍ਰੀਨਗਰ, 28 ਜੁਲਾਈ
ਦੇਸ਼ ਦੀ ਹਸੀਨ ਕਸ਼ਮੀਰ ਵਾਦੀ ਵਿਚ ਜੁਲਾਈ ਦੌਰਾਨ ਗਰਮੀ ਨੇ ਰੰਗ ਦਿਖਾਏ ਹਨ। ਇੱਥੋਂ ਦੀਆਂ ਕਈ ਥਾਵਾਂ ’ਤੇ ਅੱਜ ਦਾ ਤਾਪਮਾਨ ਪਿਛਲੇ 25 ਸਾਲਾਂ ’ਚ ਸਭ ਤੋਂ ਵੱਧ ਦਰਜ ਕੀਤਾ ਗਿਆ। ਇੱਥੇ ਮੌਸਮ ਵਿਭਾਗ ਅਨੁਸਾਰ ਸ੍ਰੀਨਗਰ ਸ਼ਹਿਰ ਵਿੱਚ ਐਤਵਾਰ ਦਾ ਤਾਪਮਾਨ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਨੌਂ ਜੁਲਾਈ 1999 ਤੋਂ ਬਾਅਦ ਸਭ ਤੋਂ ਗਰਮ ਜੁਲਾਈ ਦਾ ਦਿਨ ਸੀ ਜਦੋਂ ਪਾਰਾ 37 ਡਿਗਰੀ ਸੈਲਸੀਅਸ ਸੀ। ਸ੍ਰੀਨਗਰ ਵਿੱਚ ਜੁਲਾਈ ਦਾ ਸਭ ਤੋਂ ਗਰਮ ਦਿਨ 10 ਜੁਲਾਈ 1946 ਨੂੰ 38.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਅਤੇ ਕੋਕਰਨਾਗ ਕਸਬਿਆਂ ਵਿਚ ਵੀ ਸਭ ਤੋਂ ਵੱਧ ਗਰਮ ਦਿਨ ਦਰਜ ਕੀਤੇ ਗਏ।