ਪੱਤਰ ਪ੍ਰੇਰਕ
ਫਗਵਾੜਾ, 28 ਜੁਲਾਈ
ਰਾਮਗੜ੍ਹੀਆਂ ਪੋਲੀਟੈਕਨੀਕਲ ਕਾਲਜ ਦੇ ਸਾਬਕਾ ਵਿਦਿਆਰਥੀ ਰਘਬੀਰ ਸਿੰਘ ਚਾਨਾ (ਦਿੱਲੀ) ਨੇ ਕਾਲਜ ਦੇ ਵਿਕਾਸ ਤੇ ਗੁਰਦੁਆਰਾ ਗਿਆਨਸਰ ਦੀ ਇਮਾਰਤ ਲਈ 1 ਲੱਖ 51 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ। ਰਾਮਗੜ੍ਹੀਆਂ ਐਜੂਕੇਸ਼ਨ ਕੌਂਸਲ ਵਿਖੇ ਹੋਏ ਸਮਾਗਮ ’ਚ ਉਨ੍ਹਾਂ ਦਾ ਪਰਿਵਾਰ ਸਣੇ ਕਾਲਜ ਪੁੱਜਣ ’ਤੇ ਕਾਲਜ ਕਮੇਟੀ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ, ਡਾਇਰੈਕਟਰ ਵਿਉਮਾ ਢੱਟ, ਪ੍ਰਿੰ. ਜਸਬੀਰ ਸਿੰਘ, ਸੀਏ ਮੁਕੇਸ਼ ਕਾਂਤ ਨੇ ਸਵਾਗਤ ਕੀਤਾ। ਸ੍ਰੀ ਚਾਨਾ ਨੇ ਦੱਸਿਆ ਕਿ 1950 ਵਿੱਚ ਇਹ ਕਾਲਜ ਸ਼ੁਰੂ ਹੋਇਆ ਸੀ ਤੇ ਉਨ੍ਹਾਂ 53 ਤੋਂ 55 ਤੱਕ ਸਿਵਲ ਇੰਜਨੀਅਰ ਦੀ ਡਿਗਰੀ ਇਸ ਕਾਲਜ ਤੋਂ ਹਾਸਲ ਕੀਤੀ। ਉਹ ਕਈ ਸਰਕਾਰੀ ਨੌਕਰੀਆਂ ਕਰਨ ਮਗਰੋਂ ਹੁਣ ਦਿੱਲੀ ਵਿੱਚ ਬਿਲਡਰ ਦਾ ਕੰਮ ਕਰ ਰਹੇ ਹਨ। ਉਨ੍ਹਾਂ ਉਸ ਸਮੇਂ ਦੀਆਂ ਕਾਫ਼ੀ ਯਾਦਾਂ ਵੀ ਸਾਂਝੀਆਂ ਕੀਤੀਆਂ। ਕਾਲਜ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਮਲਜੀਤ ਸਿੰਘ ਚਾਨਾ, ਜਸਜੀਤ ਕੌਰ ਚਾਨਾ ਸਣੇ ਕਈ ਕਾਲਜ ਪ੍ਰਬੰਧਕ ਸ਼ਾਮਲ ਸਨ।